ਸਾਬਕਾ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ ‘ਤੇ ਵਿਜੀਲੈਂਸ ਦੀ ਕਾਰਵਾਈ, ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਕੀਤੀ ਛਾਪੇਮਾਰੀ

0
243

ਚੰਡੀਗੜ੍ਹ| ਪੰਜਾਬ ਵਿਜੀਲੈਂਸ ਨੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਨਿਊ ਚੰਡੀਗੜ੍ਹ ਸਥਿਤ ਫਾਰਮ ਹਾਊਸ ‘ਤੇ ਛਾਪਾ ਮਾਰਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਕਿੱਕੀ ਢਿੱਲੋਂ ‘ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਇਹ ਕਾਰਵਾਈ ਕੀਤੀ ਹੈ।

ਦੱਸ ਦੇਈਏ ਕਿ ਕਿੱਕੀ ਢਿੱਲੋਂ ਵੱਲੋਂ ਸਿਸਵਾਂ ਨੇੜੇ ਫਾਰਮ ਹਾਊਸ ਬਣਾਇਆ ਗਿਆ ਹੈ, ਜਿੱਥੇ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਦੀ ਤਕਨੀਕੀ ਟੀਮ ਵੀ ਇੱਥੇ ਮੌਜੂਦ ਹੈ ਅਤੇ ਸਾਬਕਾ ਵਿਧਾਇਕ ਦੇ ਫਾਰਮ ਹਾਊਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਉਹਨਾਂ ਦੇ ਬੈਂਕ ਖਾਤਿਆਂ ਦੀ ਵੀ ਤਲਾਸ਼ੀ ਲਈ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਫਰੀਦਕੋਟ ਵਿਜੀਲੈਂਸ ਵਿਭਾਗ ਦੇ ਦਫ਼ਤਰ ਬੁਲਾਇਆ ਗਿਆ ਸੀ, ਜਿੱਥੇ ਕਰੀਬ ਇਕ ਘੰਟਾ ਉਨ੍ਹਾਂ ਕੋਲੋਂ ਜਾਇਦਾਦ ਨੂੰ ਲੈ ਕੇ ਸਵਾਲ ਕੀਤੇ ਗਏ ਸਨ। ਸਾਬਕਾ ਵਿਧਾਇਕ ਕਿੱਕੀ ਢਿੱਲੋਂ ਆਪਣੇ ਆਮਦਨ ਟੈਕਸ ਦੇ ਵਕੀਲ ਨੂੰ ਨਾਲ ਲੈ ਕੇ ਵਿਜੀਲੈਂਸ ਦਫ਼ਤਰ ਪੁੱਜੇ ਸਨ।

ਇਸ ਮੌਕੇ ਸਾਬਕਾ ਵਿਧਾਇਕ ਨੇ ਕਿਹਾ ਸੀ ਕਿ ਉਹ ਇਕ ਬਿਜ਼ਨੈਸਮੈਨ ਹਨ, ਇਸ ਲਈ ਉਹਨਾਂ ਦਾ ਸਾਰਾ ਰਿਕਾਰਡ ਆਨ ਲਾਈਨ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਚੋਣ ਲੜਨ ਵੇਲੇ ਆਪਣੀ ਸਾਰੀ ਜਾਇਦਾਦ ਦਾ ਵੇਰਵਾ ਪੇਸ਼ ਕੀਤਾ ਸੀ ਅਤੇ ਕੁਝ ਵੀ ਲੁਕਾਇਆ ਨਹੀਂ ਗਿਆ।