ਵੀਡੀਓ ਮਾਮਲੇ ਵਿਚ ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਦੇ ਬਾਹਰ ਵਿਦਿਆਰਥੀਆਂ ਨੇ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ਕੀਤਾ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੀੜਤਾਂ ਨੂੰ ਇਨਸਾਫ ਦਿੱਤਾ ਜਾਵੇ। ਵੀਡੀਓ ਲੀਕ ਮਾਮਲੇ ਨੂੰ ਭਖਦਾ ਦੇਖ ਚੰਡੀਗੜ੍ਹ ਯੂਨੀਵਰਸਿਟੀ ਪ੍ਰਸ਼ਾਸਨ ਨੇ 19 ਤੇ 20 ਸਤੰਬਰ ਨੂੰ ਵਿਦਿਆਰਥੀਆਂ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਇਸ ਦੌਰਾਨ ਨਾਨ-ਟੀਚਿੰਗ ਕੰਮ ਜਾਰੀ ਰਹਿਣਗੇ।
ਵੀਡੀਓ ਲੀਕ ਮਾਮਲੇ ਵਿਚ ਆਈਜੀ ਗੁਰਪ੍ਰੀਤ ਦਾ ਕਹਿਣਾ ਹੈ ਕਿ ਸ਼ਿਮਲਾ ਦਾ ਇਕ ਨੌਜਵਾਨ ਦੋਸ਼ੀ ਲੜਕੀ ਨੂੰ ਜਾਣਦਾ ਹੈ। ਉਸ ਦੇ ਫੜੇ ਜਾਣ ਦੇ ਬਾਅਦ ਜ਼ਿਆਦਾ ਜਾਣਕਾਰੀ ਮਿਲ ਸਕੇਗੀ। ਉਸ ਦੇ ਮੋਬਾਈਲ ਫੋਨ ਦੀ ਵੀ ਫੋਰੈਂਸਿੰਕ ਜਾਂਚ ਹੋਵੇਗੀ।
ਦੱਸ ਦੇਈਏ ਕਿ ਮੋਹਾਲੀ ਸਥਿਤ ਗਰਲਜ਼ ਹੋਸਟਲ ਵਿਚ ਇਕ ਵਿਦਿਆਰਥਣ ਨੇ ਹੋਰਨਾਂ ਵਿਦਿਆਰਥੀਆਂ ਦੇ ਨਹਾਉਂਦੇ ਸਮੇਂ ਦੀ ਵੀਡੀਓ ਬਣਾਈ ਤੇ ਇਸ ਨੂੰ ਆਪਣੇ ਇਕ ਦੋਸਤ ਨੂੰ ਭੇਜ ਦਿੱਤੀ ਜੋ ਕਿ ਸ਼ਿਮਲਾ ਰਹਿੰਦਾ ਹੈ। ਉਸ ਨੇ ਇਹ ਵੀਡੀਓ ਇੰਟਰਨੈੱਟ ‘ਤੇ ਵਾਇਰਲ ਕਰ ਦਿੱਤੀ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਵੀ ਖਬਰ ਹੈ ਕਿ ਪਿਛਲੀ ਰਾਤ ਕੁਝ ਵਿਦਿਆਰਥਣਾਂ ਨੇ ਆਤਮਹੱਤਿਆ ਦੀ ਵੀ ਕੋਸ਼ਿਸ਼ ਕੀਤੀ। ਹਾਲਾਂਕਿ ਐੱਸਐੱਸਪੀ ਮੋਹਾਲੀ ਨੇ ਆਤਮਹੱਤਿਆ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐਂਬੂਲੈਂਸ ਨਾਲ ਲਿਜਾਈ ਜਾ ਰਹੀ ਵਿਦਿਆਰਥਣ ਤਣਾਅ ਵਿਚ ਆ ਗਈ ਸੀ।








































