ਈਸਾਈ ਪਰਿਵਾਰ ‘ਤੇ ਅਣਪਛਾਤੇ ਗੋਲੀਆਂ ਚਲਾ ਕੇ ਫਰਾਰ, 24 ਘੰਟਿਆਂ ‘ਚ ਫਿਲੌਰ ‘ਚ ਫਾਇਰਿੰਗ ਦੀ ਦੂਜੀ ਘਟਨਾ

0
10315

ਜਲੰਧਰ/ਫਿਲੌਰ | ਪੰਜਾਬ ਵਿਚ ਗੋਲੀਆਂ ਚੱਲਣ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਦਿਨ-ਬ-ਦਿਨ ਸ਼ਰਾਰਤੀ ਅਨਸਰ ਵਾਰਦਾਤਾਂ ਨੂੰ ਅੰਜਾਮ ਦੇ ਕੇ ਨਿਡਰ ਹੋ ਕੇ ਭੱਜ ਰਹੇ ਹਨ ਜੋ ਕਿ ਪੁਲਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਫਿਲੌਰ ‘ਚ 24 ਘੰਟਿਆਂ ‘ਚ ਦੂਜੀ ਵਾਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਮਾਮਲਾ ਪਿੰਡ ਮੁਠੱਡਾ ਕਲਾਂ ਤੋਂ ਸਾਹਮਣੇ ਆਇਆ ਹੈ। ਜਿਥੇ ਦੇਰ ਰਾਤ ਇਕ ਈਸਾਈ ਪਰਿਵਾਰ ਦੇ ਘਰ ‘ਤੇ ਗੋਲੀਬਾਰੀ ਕਰਕੇ ਹਮਲਾਵਰ ਫ਼ਰਾਰ ਹੋ ਗਏ। ਇਸ ਸਬੰਧੀ ਸੋਨੂੰ ਪਾਲ ਪੁੱਤਰ ਰਾਮ ਲੁਭਾਇਆ ਨੇ ਦੱਸਿਆ ਕਿ ਉਹ ਜਾਜਾ ਕਲਾਂ ਵਿਚ ਵੈਲਡਿੰਗ ਦਾ ਕੰਮ ਕਰਦਾ ਹੈ।

ਸੋਨੂੰ ਨੇ ਦੱਸਿਆ ਕਿ ਉਸ ਨੇ ਰਾਤ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਪਰ ਉਸ ਨੇ ਸੋਚਿਆ ਕਿ ਸ਼ਾਇਦ ਬਾਹਰ ਕਿਸੇ ਨੇ ਪਟਾਕੇ ਚਲਾਏ ਹੋਣਗੇ ਸਵੇਰੇ ਜਦੋਂ ਘਰ ਦੇ ਦਰਵਾਜ਼ੇ ‘ਚ ਗੋਲੀਆਂ ਦੇ ਖੋਲ ਦੇਖੇ ਤਾਂ ਸਾਨੂੰ ਘਟਨਾ ਬਾਰੇ ਪਤਾ ਲੱਗਾ। ਉਸ ਨੇ ਦੱਸਿਆ ਕਿ ਘਰ ਦੇ ਅਗਲੇ ਦਰਵਾਜ਼ੇ ‘ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਇਸ ਸਬੰਧੀ ਉਨ੍ਹਾਂ ਸਬੰਧਤ ਥਾਣੇ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਥਾਣਾ ਫਿਲੌਰ ਦੇ ਏ.ਐਸ.ਆਈ. ਸੁਭਾਸ਼ ਚੰਦਰ ਨੇ ਦੱਸਿਆ ਕਿ ਰਾਤ ਨੂੰ 6 ਗੋਲੀਆਂ ਚਲਾਈਆਂ ਗਈਆਂ। ਐਸ.ਪੀ. ਸੁਰਿੰਦਰ ਕੁਮਾਰ ਨੇ ਕਿਹਾ ਕਿ ਘਟਨਾ ਦੀ ਕਈ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਘਰ ਦੇ ਮਾਲਕ ਨੇ ਕਿਹਾ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਮੇਰੇ ਘਰ ‘ਤੇ ਗੋਲੀਬਾਰੀ ਕਿਉਂ ਕੀਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।