ਸੰਗਰੂਰ ਦੇ ਇਕ ਪਿੰਡ ਦਾ ਅਨੋਖਾ ਫੈਸਲਾ : 1 ਜਨਵਰੀ ਤੋਂ ਦੁਕਾਨਾਂ ‘ਤੇ ਨਹੀਂ ਵਿਕੇਗਾ ਬੀੜੀ-ਸਿਗਰਟ, ਵੇਚਣ ‘ਤੇ ਲੱਗੇਗਾ 5 ਹਜ਼ਾਰ ਜੁਰਮਾਨਾ

0
1189

ਸੰਗਰੂਰ | ਇਥੋਂ ਦੇ ਇਕ ਪਿੰਡ ਨੇ ਨਵੇਂ ਸਾਲ ਤੋਂ ਦੁਕਾਨਾਂ ‘ਤੇ ਤੰਬਾਕੂ ਵਾਲੇ ਪਦਾਰਥਾਂ ਦੀ ਵਿਕਰੀ ‘ਤੇ ਰੋਕ ਲਾ ਦਿੱਤੀ ਹੈ। ਪੰਚਾਇਤ ਦੇ ਇਸ ਫੈਸਲੇ ਦੀ SGPC ਨੇ ਸ਼ਲਾਘਾ ਕੀਤੀ ਅਤੇ ਹੋਰ ਪਿੰਡਾਂ ਦੇ ਤੰਬਾਕੂ ਪਦਾਰਥਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲਈ ਕਿਹਾ ਹੈ। ਜਾਣਕਾਰੀ ਅਨੁਸਾਰ ਸੰਗਰੂਰ ਦੇ ਬਲਾਕ ਸੁਨਾਮ ਅਧੀਨ ਆਉਂਦੇ ਪਿੰਡ ਝੜਾਂ ਦੇ ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਅਤੇ ਗ੍ਰਾਮ ਪੰਚਾਇਤ ਨੇ ਮਿਲ ਕੇ ਇਸ ਫੈਸਲੇ ਨੂੰ ਲਾਗੂ ਕੀਤਾ ਹੈ।

1 ਜਨਵਰੀ ਤੋਂ ਪਿੰਡ ਦੀਆਂ ਦੁਕਾਨਾਂ ‘ਤੇ ਤੰਬਾਕੂ, ਬੀੜੀ, ਸਿਗਰਟ, ਜਰਦਾ ਆਦਿ ਦਾ ਸਾਮਾਨ ਨਹੀਂ ਵਿਕੇਗਾ। ਫੜੇ ਗਏ ਤਾਂ 7 ਦਿਨ ਤੱਕ ਦੁਕਾਨ ਬੰਦ ਕਰਨੀ ਪਵੇਗੀ। ਜੇਕਰ ਕੋਈ ਦੁਕਾਨਦਾਰ 1 ਜਨਵਰੀ ਤੋਂ ਬਾਅਦ ਤੰਬਾਕੂ ਵਾਲਾ ਸਾਮਾਨ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ 5 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ।

ਪਿੰਡ ਦੀ ਸੱਥ, ਬੱਸ ਸਟੈਂਡ ਅਤੇ ਸਾਂਝੀ ਜਗ੍ਹਾ ‘ਤੇ ਸਿਗਰਟ ਪੀਣ ਵਾਲੇ ਵਿਰੁੱਧ ਵੀ ਕਾਨੂੰਨੀ ਤੌਰ ‘ਤੇ ਕਾਰਵਾਈ ਦੀ ਕੋਸ਼ਿਸ਼ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਵਕਤਾ ਹਰਭਜਨ ਸਿੰਘ ਨੇ ਕਿਹਾ ਕਿ ਪਿੰਡ ਦਾ ਇਹ ਫੈਸਲਾ ਤਾਰੀਫਯੋਗ ਹੈ। ਇਸੇ ਤਰ੍ਹਾਂ ਹੋਰ ਪਿੰਡਾਂ ਨੂੰ ਵੀ ਫੈਸਲਾ ਲੈਣਾ ਚਾਹੀਦਾ ਹੈ। ਆਉਣ ਵਾਲੇ ਦਿਨਾਂ ਵਿਚ ਪੰਜਾਬ ਨੂੰ ਤੰਬਾਕੂ ਮੁਕਤ ਕੀਤਾ ਜਾ ਸਕਦਾ ਹੈ।