ਕਿਸਾਨਾਂ ਨੂੰ ਦਿੱਲੀ ਸੱਦ ਕੇ ਨਾ ਆਏ ਕੇਂਦਰ ਦੇ ਮੰਤਰੀ, ਮੀਟਿੰਗ ਰਹੀ ਬੇਸਿੱਟਾ, ਕਿਸਾਨਾਂ ਕੀਤੀ ਨਾਅਰੇਬਾਜ਼ੀ

0
2084

ਚੰਡੀਗੜ੍ਹ | ਕਿਸਾਨ ਜਥੇਬੰਦੀਆਂ ਦੀ ਕੇਂਦਰ ਦੇ ਸੱਦੇ ‘ਤੇ ਦਿੱਲੀ ਵਿਚ ਕੀਤੀ ਗਈ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਵਿਚ ਉਸ ਵੇਲੇ ਰੌਲਾ ਪੈ ਗਿਆ, ਜਦੋਂ ਕਿਸੇ ਕੇਂਦਰੀ ਮੰਤਰੀ ਦੇ ਨਾ ਆਉਣ ਬਾਰੇ ਪਤਾ ਲੱਗਿਆ। ਬਾਅਦ ਵਿਚ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ਨੂੰ ਕਿਸਾਨ ਵਿਰੋਧੀ ਨੀਤੀਆਂ ਵਾਲੀ ਸਰਕਾਰ ਕਿਹਾ।

ਕਿਸਾਨ ਇਸ ਗੱਲੋਂ ਨਰਾਜ਼ ਹੋ ਗਏ ਕਿ ਉਨ੍ਹਾਂ ਨੂੰ ਬੁਲਾ ਕੇ ਖੇਤੀ ਮੰਤਰੀ ਰੈਲੀਆਂ ਕਰਦੇ ਫਿਰਦੇ ਹਨ। ਜੇਕਰ ਉਨ੍ਹਾਂ ਕੋਲ ਸਮਾਂ ਨਹੀਂ ਤਾਂ ਕਿਸਾਨਾਂ ਨੂੰ ਬੁਲਾਇਆ ਹੀ ਕਿਉਂ। ਕਿਸਾਨਾਂ ਨੇ ਕਿਹਾ ਕਿ ਕੇਂਦਰ ਵੱਲੋਂ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ।

ਕਿਸਾਨ ਮੀਟਿੰਗ ਤੋਂ ਬਾਅਦ ਬੇਹੱਦ ਨਿਰਾਸ਼ ਦਿਖਾਈ ਦਿੱਤੇ। ਇਸ ਤੋਂ ਬਾਅਦ ਕਿਸਾਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪਤਾ ਲੱਗਾ ਹੈ ਕਿ ਕਿਸਾਨ ਕੱਲ੍ਹ ਚੰਡੀਗਡ਼੍ਹ ਵਿਚ 11 ਵਜੇ ਮੀਟਿੰਗ ਕਰਨਗੇ।

ਕਿਸਾਨ ਜਥੇਬੰਦੀਆਂ ਦੇ ਆਗੂ ਮੀਟਿੰਗ ਵਿੱਚੋਂ ਉਠਕੇ ਬਾਹਰ ਆ‌ ਗਏ ਹਨ। ਅਗਲੇ ਸੰਘਰਸ਼ ਲਈ ਕਿਸਾਨ ਯੂਨੀਅਨਾਂ ਦੀ ਚੰਡੀਗੜ੍ਹ ਵਿੱਚ 15 ਅਕਤੂਬਰ ਨੂੰ ਮੀਟਿੰਗ ਰੱਖ ਦਿੱਤੀ ਗਈ ਹੈ। ਇਹ ਮੀਟਿੰਗ ਉਸ‌ ਵੇਲੇ ਬਿਨਾਂ ਕਿਸੇ ਹੱਲ ਤੋਂ ‌ਅੱਧ ਵਿਚਾਲੇ ਸਮਾਪਤ ਹੋ ਗਈ, ਜਦੋਂ ਮੀਟਿੰਗ ਵਿੱਚ ਕੋਈ ਕੇਂਦਰੀ ਮੰਤਰੀ ਨਹੀਂ ਆਇਆ, ਹਾਲਾਂਕਿ ਪਹਿਲਾਂ ਰਾਜਨਾਥ ਸਿੰਘ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਦੇ ਆਉਣ ਬਾਰੇ ਚਰਚਾ ਸੀ।