ਚੰਡੀਗੜ੍ਹ, 19 ਨਵੰਬਰ | PGI ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਗਾਇਨੀਕੋਲਾਜੀ ਵਾਰਡ ‘ਚ ਦਾਖਲ ਔਰਤ ਨੂੰ ਅਣਪਛਾਤੀ ਔਰਤ ਟੀਕਾ ਲਗਾ ਕੇ ਭੱਜ ਗਈ। ਔਰਤ ਨੇ ਮਰੀਜ਼ ਨੂੰ ਦੱਸਿਆ ਕਿ ਕਿਡਨੀ ਦੇ ਡਾਕਟਰ ਨੇ ਉਸਨੂੰ ਟੀਕਾ ਲਗਾਉਣ ਲਈ ਕਿਹਾ ਸੀ। ਟੀਕੇ ਤੋਂ ਬਾਅਦ ਔਰਤ ਦੀ ਸਿਹਤ ਵਿਗੜ ਗਈ। ਔਰਤ ਹੁਣ ਵੈਂਟੀਲੇਟਰ ‘ਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਸੈਕਟਰ 11 ਥਾਣੇ ਦੀ ਪੁਲਿਸ ਨੇ ਜਤਿੰਦਰ ਕੌਰ ਵਾਸੀ ਰਾਜਪੁਰਾ, ਪਟਿਆਲਾ ਦੀ ਸ਼ਿਕਾਇਤ ’ਤੇ ਅਣਪਛਾਤੀ ਲੜਕੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਹਰਮੀਤ ਕੌਰ ਦੀ ਗੁਰਵਿੰਦਰ ਸਿੰਘ ਨਾਲ 26 ਸਤੰਬਰ 2022 ਨੂੰ ਇੰਟਰਕਾਸਟ ਲਵ-ਮੈਰਿਜ ਹੋਈ ਸੀ। ਪੁਲਿਸ ਹੁਣ ਇਸ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਦੁਸ਼ਮਣੀ ਉਨ੍ਹਾਂ ਦੇ ਵਿਆਹ ਨਾਲ ਜੁੜੀ ਹੋਈ ਹੈ। ਪੁਲਿਸ ਨੂੰ ਅਜੇ ਤੱਕ ਆਰੋਪੀ ਲੜਕੀ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪੁਲਿਸ ਇਸ ਮਾਮਲੇ ‘ਚ ਜਲਦ ਲੜਕੀ ਦੀ ਫੋਟੋ ਜਾਰੀ ਕਰ ਸਕਦੀ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਭਰਾ ਗੁਰਵਿੰਦਰ ਦੀ ਪਤਨੀ ਹਰਮੀਤ ਕੌਰ ਨੂੰ 3 ਨਵੰਬਰ ਨੂੰ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ ਸੀ। ਇਸ ’ਤੇ ਉਸ ਨੇ ਉਸ ਨੂੰ ਬਨੂੜ ਦੇ ਇਕ ਪ੍ਰਾਈਵੇਟ ਕਲੀਨਿਕ ਵਿਚ ਦਾਖਲ ਕਰਵਾਇਆ। ਜਿਥੇ ਉਸ ਦੀ ਡਲਿਵਰੀ ਹੋਈ। ਇਸ ਤੋਂ ਬਾਅਦ ਹਰਮੀਤ ਕੌਰ ਨੂੰ ਕਿਡਨੀ ਦੀ ਸਮੱਸਿਆ ਹੋ ਗਈ। ਇਸ ਕਾਰਨ ਉਸ ਨੂੰ ਬਨੂੜ ਤੋਂ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ।
ਔਰਤ ਨੂੰ ਪੀਜੀਆਈ ਦੇ ਆਈਸੀਯੂ ਵਿਚ ਦਾਖ਼ਲ ਕਰਵਾਇਆ ਗਿਆ ਸੀ। ਜਿਥੇ ਇਲਾਜ ਦੌਰਾਨ ਉਸ ਦੀ ਸਿਹਤ ਵਿਚ ਸੁਧਾਰ ਹੋਇਆ। ਉਸਦੀ ਸਿਹਤ ਵਿਚ ਸੁਧਾਰ ਹੋਣ ਤੋਂ ਬਾਅਦ ਉਸਨੂੰ ਪੀਜੀਆਈ ਦੇ ਨਹਿਰੂ ਬਲਾਕ ਵਿਚ ਸਥਿਤ ਗਾਇਨੀਕੋਲਾਜੀ ਵਾਰਡ ਵਿਚ ਭੇਜ ਦਿੱਤਾ ਗਿਆ। ਲੜਕੀ ਹਰਮੀਤ ਨੂੰ ਟੀਕਾ ਲਗਾਉਣ ਲਈ ਉਸੇ ਵਾਰਡ ਵਿਚ ਪਹੁੰਚੀ ਸੀ।