ਅਬੋਹਰ ਤੋਂ ਮੰਦਭਾਗੀ ਖਬਰ : ਅਣਪਛਾਤੇ ਵਾਹਨ ਦੀ ਟੱਕਰ ‘ਚ ਦੋਧੀ ਦੀ ਮੌ.ਤ, ਇਸੇ ਸਾਲ ਹੋਇਆ ਸੀ ਵਿਆਹ

0
1895

ਅਬੋਹਰ, 18 ਦਸੰਬਰ | ਅਬੋਹਰ ‘ਚ ਫਾਜ਼ਿਲਕਾ ਰੋਡ ‘ਤੇ ਸਥਿਤ ਡੰਗਰਖੇੜਾ ਪੁਲ ‘ਤੇ ਸੋਮਵਾਰ ਨੂੰ ਸੰਘਣੀ ਧੁੰਦ ਕਾਰਨ ਹਾਦਸਾ ਵਾਪਰ ਗਿਆ। ਇਥੇ ਵਾਹਨ ਦੀ ਲਪੇਟ ‘ਚ ਆਉਣ ਨਾਲ ਦੁੱਧ ਵਾਲੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਕ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਪੁਲਿਸ ਨੇ ਲਾਸ਼ ਨੂੰ ਮੁਰਦਾਘਰ ‘ਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਸ਼ਾਮ ਸੁੰਦਰ 28 ਸਾਲ ਵਾਸੀ ਡੰਗਰਖੇੜਾ ਦੁੱਧ ਲੈਣ ਲਈ ਸਾਈਕਲ ‘ਤੇ ਪਿੰਡ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਓਵਰਬ੍ਰਿਜ ’ਤੇ ਚੜ੍ਹਿਆ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਅਣਪਛਾਤਾ ਵਾਹਨ ਚਾਲਕ ਉਥੋਂ ਫ਼ਰਾਰ ਹੋ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਇਸ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ।

ਉਸ ਦੇ ਚਚੇਰੇ ਭਰਾ ਜਗਦੇਵ ਨੇ ਮੌਕੇ ‘ਤੇ ਪਹੁੰਚ ਕੇ ਉਸ ਦੀ ਪਛਾਣ ਕੀਤੀ। ਸੂਚਨਾ ਮਿਲਦੇ ਹੀ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰ ਬਿੱਟੂ ਨਰੂਲਾ ਅਤੇ ਮੋਨੂੰ ਗਰੋਵਰ ਵੀ ਮੌਕੇ ‘ਤੇ ਪਹੁੰਚ ਗਏ ਅਤੇ ਲਾਸ਼ ਨੂੰ ਖੂਈ ਖੇੜਾ ਪੁਲਿਸ ਦੀ ਮੌਜੂਦਗੀ ‘ਚ ਮੁਰਦਾਘਰ ‘ਚ ਰਖਵਾਇਆ। ਮ੍ਰਿਤਕ ਦੇ ਅਸਲੀ ਭਰਾ ਵਿਨੋਦ ਕੁਮਾਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਮੌਕੇ ਤੋਂ ਫਰਾਰ ਹੋਏ ਡਰਾਈਵਰ ਦਾ ਪਤਾ ਲਗਾ ਕੇ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।