ਤਰਨਤਾਰਨ : ਦੋ ਦੋਸਤਾਂ ਨੇ ਇਕੱਠਿਆਂ ਬੈਠ ਕੇ ਲਗਾਇਆ ਨਸ਼ੇ ਦਾ ਟੀਕਾ, ਦੋਵਾਂ ਦੀ ਮੌਤ, ਲੋਕਾਂ ਨੇ ਥਾਣਾ ਵਲਟੋਹਾ ਨੂੰ ਠਹਿਰਾਇਆ ਜ਼ਿੰਮੇਵਾਰ

0
813

ਤਰਨਤਾਰਨ। ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਹਲਕਾ ਖੇਮਕਰਨ ਵਿੱਚ ਸੋਮਵਾਰ ਨੂੰ ਨਸ਼ੇ ਕਾਰਨ 2 ਨੌਜਵਾਨਾਂ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ । ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਨੌਜਵਾਨਾਂ ਨੇ ਇਕੱਠੇ ਹੀ ਨਸ਼ੇ ਦੇ ਟੀਕੇ ਲਗਾਏ ਸਨ। ਇਨ੍ਹਾਂ ਦੀ ਪਹਿਚਾਣ ਬਲਦੇਵ ਸਿੰਘ (43) ਅਤੇ ਨਿਸ਼ਾਨ ਸਿੰਘ (40) ਵਜੋਂ ਹੋਈ ਹੈ। ਦੋਹਾਂ ਨੌਜਵਾਨਾਂ ਨੂੰ ਇਲਾਜ ਲਈ ਵਲਟੋਹਾ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰ ਨੇ ਦੋਹਾਂ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਦੱਸਿਆ ਜਾ ਰਿਹਾ ਕਿ ਮ੍ਰਿਤਕ ਬਲਦੇਵ ਸਿੰਘ ਚਕਵਾਲੀਆ ਜੋ ਕਿ ਪਿੰਡ ਚਕਵਾਲੀਆ ਦੇ ਕਾਂਗਰਸੀ ਸਰਪੰਚ ਗੁਰਸਾਹਿਬ ਸਿੰਘ ਦਾ ਸਕਾ ਭਰਾ ਸੀ ਅਤੇ ਦੂਜਾ ਨਿਸ਼ਾਨ ਸਿੰਘ ਜੋ ਕਿ ਵਲਟੋਹਾ ਪਿੰਡ ਦਾ ਰਹਿਣ ਵਾਲਾ ਸੀ, ਉਸਦੇ ਪਿਤਾ ਅਤੇ ਭਰਾ ਦੀ ਮੌਤ ਵੀ ਨਸ਼ੇ ਕਾਰਨ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੀ ਕਿ ਉਸਦੇ ਪਰਿਵਾਰ ਵਿੱਚ ਪਤਨੀ ਅਤੇ 2 ਲੜਕੀਆਂ ਸਨ।

ਇਸ ਮੌਕੇ ਪੰਜਾਬ ਡਰੱਗ ਐਸੋਸੀਏਸ਼ਨ ਦੇ ਸਤਨਾਮ ਸਿੰਘ ਨੇ ਦੋਹਾਂ ਨੌਜਵਾਨਾਂ ਦੀ ਮੌਤ ਲਈ ਥਾਣਾ ਵਲਟੋਹਾ ਨੂੰ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਨਸ਼ਾ ਵੇਚਣ ਵਾਲਿਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ। ਉੱਥੇ ਹੀ ਦੂਜੇ ਪਾਸੇ ਪਿੰਡ ਦੀ ਨਸ਼ਾ ਛੁਡਾਓ ਕਮੇਟੀ ਦੇ ਮੈਂਬਰ ਨੇ ਕਿਹਾ ਕਿ ਉਨ੍ਹਾਂ ਵਲੋਂ ਐੱਸਐੱਚਓ ਵਲਟੋਹਾ ਜਗਦੀਪ ਸਿੰਘ ਨੂੰ ਨਸ਼ੇ ਖਿਲਾਫ ਪਹਿਲਾਂ ਹੀ ਮੈਮੋਰੰਡਮ ਦਿੱਤਾ ਗਿਆ ਸੀ ਪਰ ਉਕਤ ਐੱਸਐੱਚਓ ਸਾਡੇ ਕੋਲੋਂ ਨਸ਼ਾ ਵੇਚਣ ਵਾਲਿਆਂ ਦੇ ਨਾਂ ਪੁੱਛਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜੇਕਰ 10 ਦਿਨਾਂ ਵਿੱਚ ਇਨ੍ਹਾਂ ਪਰਿਵਾਰਾਂ ਨੂੰ ਇਨਸਾਫ ਨਹੀਂ ਦਿਵਾਉਂਦੀ ਤਾਂ ਉਹ ਵੱਡੇ ਪੱਧਰ ‘ਤੇ ਸੰਘਰਸ਼ ਕਰਨਗੇ।