ਪਟਿਆਲਾ : ਦੋ ਬਾਈਕ ਸਵਾਰ ਨੌਜਵਾਨਾਂ ਨੂੰ ਕਾਰ ਨੇ ਮਾਰੀ ਭਿਆਨਕ ਟੱਕਰ, ਦੋਵਾਂ ਦੀ ਮੌ.ਤ, ਇਕ ਦੇ ਵਿਆਹ ਦੀਆਂ ਹੋ ਰਹੀਆਂ ਸਨ ਤਿਆਰੀਆਂ

0
2488

ਪਟਿਆਲਾ, 30 ਨਵੰਬਰ| ਸ਼ਹਿਰ ਵਿਚ ਤੇਜ਼ ਰਫਤਾਰੀ ਨੇ 2 ਨੌਜਵਾਨਾਂ ਦੀ ਜਾਨ ਲੈ ਲਈ। ਪਟਿਆਲਾ ਦੇ ਚੀਕਾ ਰੋਡ ‘ਤੇ ਇਕ ਤੇਜ਼ ਰਫ਼ਤਾਰ ਕਾਰ ਨੇ ਕੰਮ ਤੋਂ ਘਰ ਪਰਤ ਰਹੇ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿਤੀ, ਜਿਸ ਵਿਚ ਪਿੰਡ ਚਰਾਸੋ ਦੇ ਸੰਜੂ (23) ਅਤੇ ਬਲਬੇੜਾ ਦੇ ਰਹਿਣ ਵਾਲੇ ਗੁਰਤੇਜ ਦੀ ਦੇਰ ਰਾਤ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਬਲਬੇੜਾ ਪੁਲਿਸ ਚੌਕੀ ਦੀ ਟੀਮ ਮੌਕੇ ‘ਤੇ ਪਹੁੰਚ ਗਈ, ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾਇਆ।

ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਸੰਜੂ ਦੇ ਪਿਤਾ ਸਤਪਾਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਕਾਰ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ। ਕਾਰ ਚਾਲਕ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੰਜੂ ਮਜ਼ਦੂਰੀ ਦਾ ਕੰਮ ਕਰਦਾ ਸੀ। ਦੇਰ ਰਾਤ ਜਦੋਂ ਉਹ ਕੰਮ ਖਤਮ ਕਰਕੇ ਵਾਪਸ ਪਿੰਡ ਜਾ ਰਿਹਾ ਸੀ ਤਾਂ ਉਸ ਦੇ ਦੋਸਤ ਨੇ ਗੁਰਤੇਜ ਨੂੰ ਅਪਣੇ ਨਾਲ ਬਿਠਾ ਲਿਆ। ਜਦੋਂ ਦੋਵੇਂ ਮੋਟਰਸਾਈਕਲ ਸਵਾਰ ਰਾਧਾ ਸੁਆਮੀ ਡੇਰੇ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ।

ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਲੋਕਾਂ ਨੇ ਨੌਜਵਾਨਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਅਤੇ ਪੁਲਿਸ ਨੂੰ ਸੂਚਨਾ ਦਿਤੀ। ਮ੍ਰਿਤਕ ਸੰਜੂ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਜਿਸ ਦੀ ਕੁੜਮਾਈ ਲਈ ਪਰਿਵਾਰ ਤਿਆਰੀਆਂ ਕਰ ਰਿਹਾ ਸੀ। ਚੌਕੀ ਬਲਬੇੜਾ ਦੇ ਇੰਚਾਰਜ ਸੂਬਾ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।