ਬੁੱਢੇ ਨਾਲੇ ‘ਚ ਡੁੱਬਣ ਨਾਲ ਦੋ ਦੋਸਤਾਂ ਦੀ ਮੌਤ, ਇਕ ਨੂੰ ਡੁੱਬਦਿਆਂ ਦੇਖ ਬਚਾਉਣ ਗਏ ਦੂਜੇ ਦੀ ਵੀ ਗਈ ਜਾਨ

0
907

ਚੋਗਾਵਾਂ| ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਭੱਗੂਪੁਰ ਦੇ ਦੋ ਨੌਜਵਾਨਾਂ ਦੀ ਬੁੱਢੇ ਦਰਿਆ ’ਚ ਡੁੱਬ ਕੇ ਮੌਤ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੰਡਿਆਵਾਲ ਤੇ ਭੱਗੁਪੁਰ ਬੇਟ ਦੇ ਡੇਰਿਆਂ ’ਤੇ ਰਹਿਣ ਵਾਲੇ ਦੋਵੇਂ ਨੌਜਵਾਨ ਗੁੁਰਜੰਟ ਸਿੰਘ ਤੇ ਸੁੱਖਾ ਸਿੰਘ ਕਿਸੇ ਕੰਮ ਮੌਹਲੇਕੇ ਜਾ ਰਹੇ ਸਨ।

ਰਸਤੇ ’ਚ ਪੈਂਦੇ ਬੁੱਢੇ ਦਰਿਆ ਨੂੰ ਪਾਰ ਕਰਦਿਆਂ ਗੁਰਜੰਟ ਸਿੰਘ ਡੂੰਘੇ ਪਾਣੀ ’ਚ ਚਲਾ ਗਿਆ ਅਤੇ ਗੋਤੇ ਖਾਣ ਲੱਗਾ। ਗੁਰਜੰਟ ਨੂੰ ਡੁੱਬਦਿਆਂ ਵੇਖ ਕੇ ਸੁੱਖਾ ਸਿੰਘ ਮਦਦ ਲਈ ਅੱਗੇ ਵਧਿਆ ਨਾਲ ਪਰ ਉਹ ਵੀ ਡੂੰਘੇ ਪਾਣੀ ਨੂੰ ਪਾਰ ਨਾ ਕਰ ਸਕਿਆ, ਜਿਸ ਕਾਰਨ ਦੋਵੇਂ ਪਾਣੀ ’ਚ ਡੁੱਬ ਗਏ। ਸਥਾਨਕ ਲੋਕਾਂ ਨੇ ਵੱਡੀ ਜੱਦੋ-ਜਹਿਦ ਤੋਂ ਬਾਅਦ ਦੋਹਾਂ ਨੂੰ ਪਾਣੀ ’ਚੋਂ ਬਾਹਰ ਕੱਢਿਆ ਤੇ ਤੁਰੰਤ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਜਾਂਚ ਉਪਰੰਤ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਦੋਵੇਂ ਹੀ ਨੌਜਵਾਨ ਗ਼ਰੀਬ ਕਿਰਤੀ ਪਰਿਵਾਰਾਂ ਨਾਲ ਸਬੰਧਿਤ ਸਨ ਅਤੇ ਇਸ ਦੁਖਦਾਈ ਖ਼ਬਰ ਨਾਲ ਸਮੁੱਚੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ । ਪੀੜਤ ਪਰਿਵਾਰਾਂ ਨੇ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ।