ਚੰਡੀਗੜ੍ਹ। ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਨੇ ਕੈਨੇਡਾ ਵਿਚ ਬੈਠੇ ਅੱਤਵਾਦੀ ਲਖਬੀਰ ਸਿੰਘ ਤੇ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਦੋ ਨੇੜਲੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਨੂੰ ਵੱਖ-ਵੱਖ ਮਾਮਲਿਆਂ ਵਿਚ ਕਾਬੂ ਕੀਤਾ ਹੈ। ਇਨ੍ਹਾਂ ਵਿਚੋਂ ਇਕ ਤਰਨਤਾਰਨ ਜਿਲ੍ਹੇ ਦੇ ਪੱਟੀ ਇਲਾਕੇ ਦਾ ਰਹਿਣ ਵਾਲਾ ਹੈ, ਜਦੋਂਕਿ ਦੂਜਾ ਅੰਮ੍ਰਿਤਸਰ ਸ਼ਹਿਰ ਵਿਚ ਰਤਨ ਸਿੰਘ ਚੌਕ ਏਰੀਆ ਵਿਚ ਰਹਿੰਦਾ ਹੈ।

ਕਾਊਂਟਰ ਇੰਟੈਲੀਜੈਂਸ ਮੋਹਾਲੀ ਦੀ ਟੀਮ ਵਲੋਂ ਤਰਨਤਾਰਨ ਤੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਦਾ ਨਾਮ ਸਤਨਾਮ ਸਿੰਘ ਹਨੀ ਹੈ। ਪੁਲਿਸ ਨੇ ਉਸ ਤੋਂ ਏਕੇ-56 ਰਾਈਫਲ, 2 ਮੈਗਜੀਨ ਤੇ 90 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਅੰਮ੍ਰਿਤਸਰ ਸ਼ਹਿਰ ਵਿਚ ਰਤਨ ਸਿੰਘ ਚੌਕ ਤੋਂ ਯੁਵਰਾਜ ਸਭਰਵਾਲ ਨੂੰ ਕਾਊਂਟਰ ਇੰਟੈਲੀਜੈਂਸ ਦੀ ਅੰਮ੍ਰਿਤਸਰ ਟੀਮ ਨੇ ਫੜਿਆ ਹੈ। ਸਭਰਵਾਲ ਦਾ ਨਾਂ ਰਣਜੀਤ ਐਵੇਨਿਊ ਬੀ ਬਲਾਕ ਵਿਚ ਮਿਲੇ ਆਰਡੀਐਕਸ ਨਾਲ ਜੋੜਿਆ ਜਾ ਰਿਹਾ ਹੈ। ਸਭਰਵਾਲ ਨੂੰ ਅੰਮ੍ਰਿਤਸਰ ਕੋਰਟ ਵਿਚ ਪੇਸ਼ ਕਰਕੇ 7 ਦਿਨਾਂ ਦਾ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ।
ਸਬ ਇੰਸਪੈਕਟਰ ਦੀ ਗੱਡੀ ਹੇਠਾਂ ਬੰਬ ਤੇ ਮੋਹਾਲੀ ਬਲਾਸਟ ਨਾਲ ਜੁੜੇ ਲਿੰਕ

ਅਗਸਤ ਵਿਚ ਅੰਮ੍ਰਿਤਸਰ ਸ਼ਹਿਰ ਦੇ ਰਣਜੀਤ ਐਵੇਨਿਊ ਵਿਚ ਰਹਿਣ ਵਾਲੇ ਸੀਆਈਏ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਹੇਠਾਂ ਬੰਬ ਮਿਲਿਆ ਸੀ। ਪੁਲਿਸ ਨੇ ਇਸ ਕੇਸ ਵਿਚ ਅਜੇ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਵਿਚ ਸਪੱਸ਼ਟ ਹੋਇਆ ਸੀ ਕਿ ਇਸ ਘਟਨਾ ਨੂੰ ਕੈਨੇਡਾ ਵਿਚ ਬੈਠੇ ਅੱਤਵਾਦੀ ਲਖਬੀਰ ਸਿੰਘ ਤੇ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਰਿੰਦਾ ਦੇ ਇਸ਼ਾਰੇ ਉਤੇ ਉਨ੍ਹਾਂ ਦੇ ਮਾਡਿਊਲ ਨੇ ਅੰਜਾਮ ਦਿੱਤਾ ਸੀ। ਲਖਬੀਰ ਸਿੰਘ ਦਾ ਨਾਂ ਮੋਹਾਲੀ ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ਵਿਚ ਹੋਏ ਆਰਪੀਜੀ ਬਲਾਸਟ ਨਾਲ ਵੀ ਜੁੜ ਚੁੱਕਾ ਹੈ।