ਵਿਆਹ ਤੋਂ ਢਾਈ ਮਹੀਨੇ ਬਾਅਦ ਹੀ ਵਿਆਹੁਤਾ ਨੇ ਲਾਇਆ ਫਾਹਾ, ਪਤੀ ਸਣੇ ਸਹੁਰਾ ਪਰਿਵਾਰ ਦੇ 3 ਮੈਂਬਰਾਂ ਖਿਲਾਫ਼ ਮਾਮਲਾ ਦਰਜ

0
1028

ਲੁਧਿਆਣਾ | ਦਾਜ ਦੀ ਮੰਗ ਤੋਂ ਪ੍ਰੇਸ਼ਾਨ ਇਕ ਵਿਆਹੁਤਾ ਨੇ ਵਿਆਹ ਤੋਂ ਢਾਈ ਮਹੀਨੇ ਬਾਅਦ ਹੀ ਮੌਤ ਨੂੰ ਗਲੇ ਲਗਾ ਲਿਆ। ਮਾਮਲੇ ‘ਚ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਮ੍ਰਿਤਕ ਏਕਤਾ (24) ਦੀ ਮਾਤਾ ਗੁੜਗਾਓਂ ਦੀ ਰਹਿਣ ਵਾਲੀ ਅਨੂ ਦੇ ਬਿਆਨਾਂ ‘ਤੇ ਗੁਰਪਾਲ ਨਗਰ ਲੁਧਿਆਣਾ ਵਾਸੀ ਲਕਸ਼ੈ, ਉਸ ਦੀ ਮਾਤਾ ਪੂਨਮ ਤੇ ਮਨੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਅਨੂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਦਾ ਵਿਆਹ 2 ਜੁਲਾਈ ਨੂੰ ਗੁਰਪਾਲ ਨਗਰ ਦੇ ਰਹਿਣ ਵਾਲੇ ਲਕਸ਼ੈ ਨਾਲ ਕੀਤਾ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਆਰੋਪੀ ਲਕਸ਼ੈ, ਉਸ ਦੀ ਮਾਤਾ ਪੂਨਮ ਤੇ ਰਿਸ਼ਤੇਦਾਰ ਪੈਸੇ ਤੇ ਦਾਜ ਲਿਆਉਣ ਲਈ ਏਕਤਾ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਏ।

ਢਾਈ ਮਹੀਨਿਆਂ ਦੇ ਮਾਨਸਿਕ ਤੇ ਸਰੀਰਕ ਤਸੀਹਿਆਂ ਤੋਂ ਲੜਕੀ ਇਸ ਕਦਰ ਤੰਗ ਆ ਗਈ ਕਿ ਉਸ ਨੇ ਸ਼ਾਮ 6 ਵਜੇ ਆਪਣੇ ਸਹੁਰਿਆਂ ਦੇ ਘਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਮਾਮਲੇ ‘ਚ ਜਾਂਚ ਅਧਿਕਾਰੀ ਲਖਵੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਆਰੋਪੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਮਾਪਿਆਂ ਹਵਾਲੇ ਕਰ ਦਿੱਤੀ ਹੈ। ਪੁਲਿਸ ਮੁਤਾਬਕ ਆਰੋਪੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।