ਲੁਧਿਆਣਾ ‘ਚ ਟੀ. ਵੀ. ਮਕੈਨਿਕ ਦੇ ਮੂੰਹ ‘ਤੇ ਮਹਿਲਾ ਨੇ ਸੁੱਟਿਆ ਤੇਜ਼ਾਬ, ਘਟਨਾ ਸੀ.ਸੀ.ਟੀ.ਵੀ. ‘ਚ ਕੈਦ

0
646

ਲੁਧਿਆਣਾ| ਜਮਾਲਪੁਰ ਇਲਾਕੇ ਦੇ ਵਿੱਚ ਅੱਜ ਉਸ ਵੇਲੇ ਮਾਹੌਲ ਸਹਿਮ ਗਿਆ, ਜਦੋਂ ਇਕ ਪ੍ਰਵਾਸੀ ਮਹਿਲਾ ਵੱਲੋਂ ਟੀਵੀ ਮਕੈਨਿਕ ਜਸਬੀਰ ਸਿੰਘ ਦੇ ਉਤੇ ਤੇਜ਼ਾਬ ਸੁੱਟ ਦਿੱਤਾ ਗਿਆ, ਜਦੋਂ ਮਹਿਲਾ ਨੇ ਤੇਜ਼ਾਬ ਸੁੱਟਿਆ ਉਸ ਵੇਲੇ ਪੀੜਤ ਦੁਕਾਨ ਵਿੱਚ ਕੰਮ ਕਰ ਰਿਹਾ ਸੀ, ਜਿਸ ਤੋਂ ਬਾਅਦ ਮਹਿਲਾ ਨੇ ਸਿੱਧਾ ਉਸ ਦੇ ਮੂੰਹ ‘ਤੇ ਤੇਜਾਬ ਸੁੱਟਿਆ। ਇਸ ਨਾਲ ਉਸ ਦੇ ਚਿਹਰੇ ਅਤੇ ਪਿੱਠ ਅਤੇ ਤੇਜਾਬ ਪਿਆ ਹੈ। ਪੀੜਿਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਰੰਜ਼ਿਸ਼ ਨਹੀਂ ਹੈ। ਤੇਜ਼ਾਬ ਸੁੱਟਣ ਵਾਲੀ ਮਹਿਲਾ 33 ਫੁੱਟ ਰੋਡ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਮਹਿਲਾ ਪ੍ਰਵਾਸੀ ਹੈ ਅਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ।

ਪੀੜਤ ਦੇ ਭਰਾ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਕਿ ਉਸ ਦੇ ਭਰਾ ਜਸਬੀਰ ਸਿੰਘ ਦੀ ਉਮਰ ਲਗਭਗ 53 ਸਾਲ ਦੀ ਹੈ ਅਤੇ ਉਸ ਨੂੰ ਫੋਨ ਕਰ ਕੇ ਇਹ ਦੱਸਿਆ ਗਿਆ ਕਿ ਜਸਬੀਰ ‘ਤੇ ਤੇਜ਼ਾਬ ਸੁੱਟ ਦਿੱਤਾ ਹੈ । ਉਨ੍ਹਾਂ ਕਿਹਾ ਕਿ ਮਹਿਲਾ ਗਾਹਕ ਬਣ ਕੇ ਆਈ ਸੀ, ਜਦੋਂ ਉਸ ਨੇ ਇਹ ਕੰਮ ਕੀਤਾ। ਮੇਰੇ ਭਰਾ ਦੀਆਂ ਅੱਖਾਂ ਵਿਚ ਤੇਜ਼ਾਬ ਪੈ ਗਿਆ ਹੈ । ਡਾਕਟਰ ਕਹਿ ਰਹੇ ਹਨ ਕਿ ਉਸ ਦੀਆਂ ਅੱਖਾਂ ਕਾਫ਼ੀ ਡੇਮੇਜ ਹੋਈਆਂ ਹਨ। ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਇਸ ਘਟਨਾ ਤੋਂ ਬਾਅਦ ਨੇੜੇ-ਤੇੜੇ ਦੇ ਲੋਕ ਵੀ ਇਕੱਠੇ ਹੋ ਗਏ।

ਇਸ ਸਬੰਧੀ ਜਦੋਂ ਪੁਲੀਸ ਨੂੰ ਫੋਨ ਕਰ ਕੇ ਜਾਣਕਾਰੀ ਲਈ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।