ਅੰਮ੍ਰਿਤਸਰ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਬਣਾਏ ਜਾ ਰਹੇ ਜੋੜਾ ਘਰ ਤੇ ਪਾਰਕਿੰਗ ਦੀ ਬੇਸਮੈਂਟ ਦੀ ਖੁਦਾਈ ਦੌਰਾਨ ਇਕ ਸੁਰੰਗ ਮਿਲੀ ਹੈ।
ਇਸ ਸੁਰੰਗ ਨੂੰ ਲੈ ਕੇ 2 ਗੁੱਟ ਆਹਮੋ-ਸਾਹਮਣੇ ਹੋ ਗਏ ਹਨ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਖੁਦਾਈ ਦਾ ਕੰਮ ਰੁਕਵਾ ਦਿੱਤਾ ਹੈ।
ਸਿੱਖ ਸਦਭਾਵਨਾ ਦਲ ਦੇ ਮੁਖੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਸੁਰੰਗ ਮਿਲਣ ਦੀ ਸੂਚਨਾ ਮਿਲਦੇ ਹੀ ਸਮਰਥਕਾਂ ਨਾਲ ਮੌਕੇ ‘ਤੇ ਪਹੁੰਚੇ।
ਭਾਈ ਵਡਾਲਾ ਨੇ ਮੰਗ ਕੀਤੀ ਕਿ ਇਹ ਸੁਰੰਗ ਇਤਿਹਾਸਕ ਅਤੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਪ੍ਰਤੀਤ ਹੋ ਰਹੀ ਹੈ, ਇਸ ਲਈ ਇਸ ਦੀ ਸੱਚਾਈ ਸਾਹਮਣੇ ਲਿਆਂਦੀ ਜਾਵੇ।
SGPC ਤੇ ਕਾਰ ਸੇਵਾ ਵਾਲੇ ਬਾਬਿਆਂ ਨੇ ਇਸ ਸੁਰੰਗ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਵਾਂ ਗੁੱਟਾਂ ‘ਚ ਹੱਥੋਪਾਈ ਵੀ ਹੋਈ।
ਇਸ ਤੋਂ ਬਾਅਦ SDM ਵਿਕਾਸ ਹੀਰਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੌਕੇ ‘ਤੇ ਪਹੁੰਚੇ ਤੇ ਚੱਲ ਰਹੇ ਕੰਮ ਨੂੰ ਅਗਲੇ ਹੁਕਮਾਂ ਤੱਕ ਰੁਕਵਾ ਦਿੱਤਾ।
ਨਾਨਕਸ਼ਾਹੀ ਇੱਟਾਂ ਨਾਲ ਬਣੀ ਹੋਈ ਹੈ ਸੁਰੰਗ
ਭਾਈ ਵਡਾਲਾ ਨੇ ਕਿਹਾ ਕਿ ਨਾਨਕਸ਼ਾਹੀ ਇੱਟਾਂ ਨਾਲ ਬਣੀ ਇਸ ਸੁਰੰਗ ‘ਚ ਕਮਰੇ ਬਣੇ ਹੋਏ ਲੱਗ ਰਹੇ ਹਨ। ਇਸ ਲਈ ਇਸ ਦੀ ਸੱਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ।
ਉਨ੍ਹਾਂ ਆਰੋਪ ਲਾਇਆ ਕਿ SGPC ਗੁਰੂ ਸਾਹਿਬਾਨ ਨਾਲ ਸੰਬੰਧਿਤ ਯਾਦਗਾਰਾਂ ਨੂੰ ਨਸ਼ਟ ਕਰਨਾ ਚਾਹੁੰਦੀ ਹੈ, ਜਿਸ ਨੂੰ ਸਿੱਖ ਕੌਮ ਤੇ ਪੰਥ ਸਹਿਣ ਨਹੀਂ ਕਰੇਗਾ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਸੁਰੰਗ ਦੀ ਸੱਚਾਈ ਦਾ ਪਤਾ ਨਹੀਂ ਲੱਗ ਜਾਂਦਾ, ਉਦੋਂ ਤੱਕ ਉਹ ਅੱਗੋਂ ਦਾ ਨਿਰਮਾਣ ਕਾਰਜ ਨਹੀਂ ਚੱਲਣ ਦੇਣਗੇ। ਇਸ ਸਬੰਧੀ SGPC ਦੇ ਅਧਿਕਾਰੀ ਕੁਝ ਕਹਿਣ ਨੂੰ ਤਿਆਰ ਨਹੀਂ ਹਨ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)