ਸ਼ਰਾਬੀ ਪਤੀ ਤੋਂ ਪ੍ਰੇਸ਼ਾਨ ਪਤਨੀ ਨੇ ਪੁੱਤਰ ਤੇ ਭਰਾ ਸਮੇਤ ਰਲ ਕੇ ਮਾਰਿਆ ਘਰਵਾਲਾ

0
1002

ਬਠਿੰਡਾ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਅਮਰਪੁਰਾ ਬਸਤੀ ਦੀ ਰਹਿਣ ਵਾਲੀ ਔਰਤ ਨੇ ਸ਼ਰਾਬੀ ਪਤੀ ਦੀ ਰੋਜ਼ਾਨਾ ਦੀ ਕੁੱਟਮਾਰ ਤੋਂ ਤੰਗ ਆ ਕੇ ਭਰਾ, ਪੁੱਤਰ ਅਤੇ 2 ਨਾਬਾਲਗ ਦੋਸਤਾਂ ਨਾਲ ਮਿਲ ਕੇ 6 ਅਪ੍ਰੈਲ ਨੂੰ ਹੱਤਿਆ ਕਰ ਦਿੱਤੀ। ਕਤਲ ਨੂੰ ਹਾਦਸਾ ਦਰਸਾਉਣ ਲਈ ਉਸ ਨੇ ਪਤੀ ਦੀ ਲਾਸ਼ ਨੂੰ ਕਮਰੇ ਵਿਚ ਰੱਖ ਕੇ ਅੱਗ ਲਗਾ ਦਿੱਤੀ। ਕਤਲ ਦੇ ਅਗਲੇ ਦਿਨ ਪਤਨੀ ਨੇ ਪੁਲਿਸ ਨੂੰ ਬਿਆਨ ਦਿੱਤੇ ਕਿ ਉਸਦਾ ਪਤੀ ਸ਼ਰਾਬ ਪੀਣ ਦਾ ਆਦੀ ਸੀ ਅਤੇ ਬੀੜੀ ਪੀਂਦੇ ਸਮੇਂ ਉਸਦੇ ਕੱਪੜਿਆਂ ਨੂੰ ਅੱਗ ਲੱਗ ਗਈ ਅਤੇ ਉਹ ਜ਼ਿੰਦਾ ਸੜ ਗਿਆ।

ਇੰਨਾ ਹੀ ਨਹੀਂ ਔਰਤ ਨੇ ਧਾਰਾ 174 ਤਹਿਤ ਕਾਰਵਾਈ ਕਰਵਾਈ ਤਾਂ ਜੋ ਉਹ ਜਲਦੀ ਤੋਂ ਜਲਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰ ਸਕੇ ਪਰ ਮ੍ਰਿਤਕ ਦੇ ਭਰਾ ਮਲਕੀਤ ਸਿੰਘ ਵਾਸੀ ਮਾਡਲ ਟਾਊਨ ਬਠਿੰਡਾ ਨੇ ਕਤਲ ਦਾ ਖਦਸ਼ਾ ਜਤਾਉਂਦੇ ਹੋਏ ਪੁਲਿਸ ਤੋਂ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ। ਉਦੋਂ ਹੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਅਤੇ ਬੇਟੇ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਆਪਣਾ ਜੁਰਮ ਕਬੂਲ ਕਰ ਲਿਆ।

ਡੀ.ਐਸ.ਪੀ ਸਿਟੀ ਵਨ ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਪੁਲਿਸ ਥਾਣਾ ਕੈਨਾਲ ਕਾਲੋਨੀ ਨੂੰ ਸ਼ਿਕਾਇਤ ਦੇ ਕੇ ਮ੍ਰਿਤਕ ਕਰਨੈਲ ਸਿੰਘ ਦੇ ਭਰਾ ਮਲਕੀਤ ਸਿੰਘ, ਵਾਸੀ ਮਾਡਲ ਟਾਊਨ ਫੇਜ਼ ਵਨ ਨੇ ਕਿਹਾ ਕਿ ਉਸਦਾ ਭਰਾ ਅੰਮ੍ਰਿਤਸਰ ਨਾਨ ਵੇਚਣ ਦਾ ਕੰਮ ਕਰਦਾ ਸੀ ਅਤੇ ਉਹ ਆਪਣੇ ਪਰਿਵਾਰ ਨਾਲ ਅਮਰਪੁਰਾ ਵਿਚ ਰਹਿੰਦਾ ਸੀ। ਉਸਦਾ ਭਰਾ ਸ਼ਰਾਬ ਦਾ ਆਦੀ ਸੀ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੀਪ ਕੌਰ, ਜੀਜਾ ਇੰਦਰਜੀਤ ਸਿੰਘ ਪੁੱਤਰ ਅਜੈ ਸਿੰਘ ਵਾਸੀ ਅਮਰਪੁਰਾ ਬਸਤੀ ਅਤੇ ਉਸ ਦੇ 2 ਨਾਬਾਲਗ ਦੋਸਤਾਂ ਅਸ਼ੀਸ਼ ਕੁਮਾਰ ਵਾਸੀ ਅਮਰਪੁਰਾ ਬਸਤੀ ਅਤੇ ਕੁਲਦੀਪ ਸਿੰਘ ਵਾਸੀ ਦਸਮੇਸ਼ ਨਗਰ ਬਠਿੰਡਾ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ।