ਮਾਨਸਾ| ਕਹਿੰਦੇ ਹਨ ਕਿ ਜਿਨ੍ਹਾਂ ਦੇ ਹੌਸਲੇ ਬੁਲੰਦ ਹੁੰਦੇ ਹਨ, ਉਹ ਕਦੇ ਵੀ ਆਪਣੀਆਂ ਕਮੀਆਂ ‘ਤੇ ਹੰਝੂ ਨਹੀਂ ਵਹਾਉਂਦੇ, ਉਹ ਸਿਰਫ ਆਪਣੇ ਹਾਲਾਤ ਨਾਲ ਲੜਦੇ ਹਨ ਅਤੇ ਅੱਗੇ ਵਧਦੇ ਹਨ।
ਅਜਿਹੀ ਹੀ ਇੱਕ ਮਿਸਾਲ ਸਾਹਮਣੇ ਆਈ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਜਟਾਣਾ ਕਲਾਂ ਤੋਂ, ਜਿਥੇ ਇੱਕ ਨੇਤਰਹੀਣ ਲੜਕੀ ਵੀਰਪਾਲ ਕੌਰ ਨੇ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਹੋਈ ਜੂਡੋ-ਕਰਾਟੇ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਹੈ। ਨੇਤਰਹੀਣ ਵੀਰਪਾਲ ਕੌਰ ਦਾ ਪਿੰਡ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਵੀਰਪਾਲ ਕੌਰ ਬਚਪਨ ਤੋਂ ਹੀ ਨੇਤਰਹੀਣ ਹੈ।
ਨੇਤਰਹੀਣ ਹੋਣ ਦੇ ਬਾਵਜੂਦ ਆਪਣੀ ਮੰਜ਼ਿਲ ਨੂੰ ਹਾਸਲ ਕਰਨ ਦਾ ਹੌਸਲਾ ਰੱਖਣ ਵਾਲੀ ਵੀਰਪਾਲ ਕੌਰ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਟਾਣਾ ਕਲਾਂ ਦੇ ਪੰਜਵੀਂ ਜਮਾਤ ਤੱਕ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਹ ਪਟਿਆਲਾ ਦੇ ਗੂੰਗੇ-ਬੋਲ਼ਿਆਂ ਦੇ ਸਕੂਲ ਵਿੱਚ ਪੜ੍ਹਨ ਲਈ ਚਲੀ ਗਈ, ਜਿੱਥੋਂ ਉਸ ਨੇ ਸਿੱਖਿਆ ਹਾਸਲ ਕੀਤੀ।
ਵੀਰਪਾਲ ਕੌਰ ਨੇ ਕਦੇ ਵੀ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਿਆ ਅਤੇ ਆਪਣੀ ਮੰਜ਼ਿਲ ‘ਤੇ ਪਹੁੰਚਣ ਦਾ ਇਰਾਦਾ ਸੀ। ਇਸੇ ਕੜੀ ਵਿੱਚ ਉਹ ਲਖਨਊ ਵਿੱਚ ਹੋ ਰਹੀਆਂ ਖੇਡਾਂ ਵਿੱਚ ਜੂਡੋ-ਕਰਾਟੇ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਪਹੁੰਚੀ ਸੀ। ਜਿੱਥੇ ਵੀਰਪਾਲ ਕੌਰ ਨੇ ਸੋਨ ਤਮਗਾ ਜਿੱਤ ਕੇ ਮਾਨਸਾ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ।
ਵੀਰਪਾਲ ਕੌਰ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਹਨ, ਦੋਵੇਂ ਬਚਪਨ ਤੋਂ ਹੀ ਨੇਤਰਹੀਣ ਹਨ, ਜਿਨ੍ਹਾਂ ਨੇ ਪੰਜਵੀਂ ਜਮਾਤ ਤੱਕ ਪਿੰਡ ਦੇ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਦੋਵਾਂ ਨੂੰ ਪੜ੍ਹਾਈ ਲਈ ਪਟਿਆਲਾ ਭੇਜ ਦਿੱਤਾ।
ਉਥੇ ਹੀ ਵੀਰਪਾਲ ਕੌਰ ਦੀ ਟੀਚਰ ਨੇ ਕਿਹਾ ਕਿ ਉਸ ਨੇ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤ ਕੇ ਪਿੰਡ ਅਤੇ ਮਾਨਸਾ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬਚਪਨ ਤੋਂ ਹੀ ਨੇਤਰਹੀਣ ਹੋਣ ਦੇ ਬਾਵਜੂਦ ਵੀਰਪਾਲ ਅਤੇ ਉਸ ਦਾ ਭਰਾ ਆਪਣੀ ਸੱਚੀ ਲਗਨ ਅਤੇ ਮਿਹਨਤ ਨਾਲ ਇਹ ਮੁਕਾਮ ਹਾਸਲ ਕਰ ਸਕੇ ਹਨ।