ਅੰਮ੍ਰਿਤਸਰ ‘ਚ ਦਰਦਨਾਕ ਹਾਦਸਾ : ਤਿੰਨ ਮਾਸੂਮ ਧੀਆਂ ਦੀ ਮਾਂ ਦੀ ਹਾਦਸੇ ‘ਚ ਮੌਤ, ਭਤੀਜੀ ਦੇ ਵਿਆਹ ‘ਚ ਸ਼ਰੀਕ ਹੋਣ ਜਾ ਰਿਹਾ ਸੀ ਪਰਿਵਾਰ

0
948

ਅੰਮ੍ਰਿਤਸਰ। ਅੰਮ੍ਰਿਤਸਰ ਤੋਂ ਫ਼ਤਹਿਗੜ੍ਹ ਚੂੜੀਆਂ ਵਾਇਆ ਸੰਗਤਪੁਰਾ ਸੜਕ ਜੋ ਕਿ ਅੱਜਕੱਲ੍ਹ ਖ਼ੂਨੀ ਸੜਕ ਦੇ ਨਾਂ ਨਾਲ ਵੀ ਜਾਨੀ ਜਾਣ ਲੱਗ ਪਈ ਹੈ, ਬਹੁਤ ਜ਼ਿਆਦਾ ਖਸਤਾ ਹਾਲਤ ਹੋਣ ਕਾਰਨ ਰੋਜ਼ਾਨਾ ਕਈ ਲੋਕਾਂ ਦੀ ਜਾਨ ਲੈ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਵੇਖਣ ਨੂੰ ਮਿਲੀ, ਜਦੋਂ ਫ਼ਤਹਿਗੜ੍ਹ ਚੂੜੀਆਂ ਦੀ ਵਾਰਡ ਨੰ: 7 ਨਿੰਮ ਵਾਲੀ ਮਸੀਤ ਦੇ ਨਿਵਾਸੀ ਹਰਪ੍ਰੀਤ ਸਿੰਘ, ਉਸਦੀ ਪਤਨੀ ਕੰਵਲਜੀਤ ਕੌਰ ਆਪਣੇ ਬੱਚਿਆਂ ਨਾਲ ਭਤੀਜੀ ਦੇ ਵਿਆਹ ‘ਚ ਸ਼ਾਮਲ ਹੋਣ ਐਕਟਿਵਾ ‘ਤੇ ਅੰਮ੍ਰਿਤਸਰ ਜਾ ਰਹੇ ਸਨ। ਜਦੋਂ ਉਹ ਪਿੰਡ ਬੱਲ ਕਲਾਂ ਨੇੜੇ ਪੁੱਜੇ ਤਾਂ ਸੜਕ ਵਿਚਕਾਰ ਪਏ ਡੂੰਘੇ ਟੋਏ ਹੋਣ ਕਰਕੇ ਐਕਟਿਵਾ ਪਿੱਛੇ ਸਵਾਰ ਕੰਵਲਜੀਤ ਕੌਰ ਸਕੂਟਰੀ ਤੋਂ ਹੇਠਾਂ ਸੜਕ ‘ਤੇ ਡਿੱਗ ਪਈ, ਜਿਸ ਨੂੰ ਬੇਹੋਸ਼ੀ ਦੀ ਹਾਲਤ ‘ਚ ਤੁਰੰਤ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਦੇ ਦਿਮਾਗ ਦਾ ਆਪ੍ਰੇਸ਼ਨ ਵੀ ਕੀਤਾ ਗਿਆ ਪਰ ਸੱਟ ਜ਼ਿਆਦਾ ਲੱਗੀ ਹੋਣ ਕਾਰਨ ਕੰਵਲਜੀਤ ਕੌਰ ਦੀ ਮੌਤ ਹੋ ਗਈ। ਉਸ ਦਾ ਸਸਕਾਰ ਫ਼ਤਹਿਗੜ੍ਹ ਚੂੜੀਆਂ ਦੇ ਰੇਲਵੇ ਰੋਡ ‘ਤੇ ਸਥਿਤ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ।

ਖ਼ੂਨੀ ਸੜਕ ਦਾ ਸ਼ਿਕਾਰ ਹੋਈ 40 ਸਾਲਾ ਮ੍ਰਿਤਕ ਕੰਵਲਜੀਤ ਕੌਰ ਆਪਣੇ ਪਿੱਛੇ ਪਤੀ ਹਰਪ੍ਰੀਤ ਸਿੰਘ ਅਤੇ ਤਿੰਨ ਮਾਸੂਮ ਧੀਆਂ ਰਸ਼ਮੀਤ ਕੌਰ (ਉਮਰ 5 ਸਾਲ), ਗੁਰਲੀਨ ਕੌਰ (ਉਮਰ 8 ਸਾਲ) ਤੇ ਨਵਰੀਨ ਕੌਰ (ਉਮਰ 12 ਸਾਲ) ਨੂੰ ਛੱਡ ਗਈ ਹੈ | ਕੰਵਲਜੀਤ ਕੌਰ ਦੀ ਸੜਕ ਹਾਦਸੇ ‘ਚ ਹੋਈ ਬੇਵਕਤੀ ਮੌਤ ਨਾਲ ਸ਼ਹਿਰ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਜ਼ਿਕਰਯੋਗ ਹੈ ਕਿ ਉਕਤ ਸੜਕ ‘ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਬੰਧਿਤ ਠੇਕੇਦਾਰਾਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਹੁਣ ਤਕ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ, ਪਰ ਅੱਜ ਵੀ ਇਸ ਸੜਕ ਦੇ ਨਿਰਮਾਣ ਕਾਰਜਾਂ ‘ਚ ਕੋਈ ਤੇਜ਼ੀ ਨਹੀਂ ਲਿਆਂਦੀ ਜਾ ਰਹੀ ਜਿਸ ਕਾਰਨ ਲੋਕਾਂ ‘ਚ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੜਕ ਨੂੰ ਸਮੇਂ ਸਿਰ ਨਾ ਬਣਾਇਆ ਗਿਆ ਤਾਂ ਆਉਂਦੇ ਕੁਝ ਦਿਨਾਂ ਤਕ ਠੰਢ ਦਾ ਮੌਸਮ ਸ਼ੁਰੂ ਹੋ ਜਾਵੇਗਾ, ਜਿਸ ਕਾਰਨ ਧੁੰਦਾਂ ਪੈਣ ਨਾਲ ਇਸ ਸੜਕ ‘ਤੇ ਹੋਰ ਵੀ ਹਾਦਸੇ ਵਾਪਰ ਸਕਦੇ ਹਨ।