ਕਾਰ ਸਵਾਰ ASI ਨੂੰ ਬਚਾਉਣ ਦੇ ਚੱਕਰ ‘ਚ ਟ੍ਰੈਕਟਰ-ਟਰਾਲੀ ਹਾਦਸਾਗ੍ਰਸਤ, ਕਾਰ ‘ਚੋਂ ਸ਼ਰਾਬ ਦੀ ਬੋਤਲ ਬਰਾਮਦ

0
818

 ਬਟਾਲਾ : ਨਸ਼ੇ ਦੀ ਹਾਲਤ ‘ਚ ਕਾਰ ਚਲਾ ਰਹੇ ਏ.ਐੱਸ.ਆਈ.ਨੂੰ ਬਚਾਉਣ ਲਈ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਡਿਵਾਈਡਰ ‘ਚ ਜਾ ਟਕਰਾਈ, ਜਿਸ ਤੋਂ ਬਾਅਦ ਟਰੈਕਟਰ ‘ਤੇ ਸਵਾਰ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਬਟਾਲਾ ਪਹੁੰਚਾਇਆ ਗਿਆ।

ਟਰੈਕਟਰ ਚਾਲਕ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਬਟਾਲਾ ਦਾ ਵਸਨੀਕ ਹੈ। ਉਹ ਆਪਣੇ ਟਰੈਕਟਰ ‘ਤੇ ਸਵਾਰ ਹੋ ਕੇ ਬਟਾਲਾ/ਅੰਮ੍ਰਿਤਸਰ ਰੋਡ ‘ਤੇ ਸਥਿਤ ਇਕ ਫੈਕਟਰੀ ਵੱਲ ਜਾ ਰਿਹਾ ਸੀ। ਉਸ ਦੇ ਨਾਲ ਟ੍ਰੈਕਟਰ ‘ਤੇ ਦੋ ਮਜ਼ਦੂਰ ਬੈਠੇ ਸਨ। ਪਿੱਛੋਂ ਇਕ ਤੇਜ਼ ਰਫ਼ਤਾਰ ਕਾਰ ਆਈ ਤੇ ਉਸ ਦੇ ਅੱਗੇ ਲਿਆ ਕੇ ਲਗਾ ਲਈ। ਕਾਰ ਕਦੀ ਸੱਜੇ ਤੇ ਕਦੀ ਖੱਬੇ ਜਾ ਰਹੀ ਸੀ ਜਿਸ ਨੂੰ ਬਚਾਉਣ ਦੇ ਚੱਕਰ ‘ਚ ਟ੍ਰੈਕਟਰ ਬੇਕਾਬੂ ਹੋ ਕੇ ਸੜਕ ਵਿਚਕਾਰ ਬਣੇ ਡਿਵਾਈਡਰ ‘ਚ ਜਾ ਵੱਜਾ ਤੇ ਟ੍ਰੈਕਟਰ ਦੇ ਅਗਲੇ ਦੋਵੇਂ ਟਾਇਰ ਬਾਹਰ ਨਿਕਲ ਗਏ।

ਟਰੈਕਟਰ ‘ਤੇ ਬੈਠੇ ਦੋਵੇਂ ਮਜ਼ਦੂਰ ਹਰਜਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਧੀਰ ਬਟਾਲਾ ਤੇ ਸੋਨੀ ਪੁੱਤਰ ਮਨਜੀਤ ਸਿੰਘ ਵਾਸੀ ਬਟਾਲਾ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

ਟਰੈਕਟਰ ਚਾਲਕ ਗੁਰਮੀਤ ਸਿੰਘ ਨੇ ਦੋਸ਼ ਲਾਇਆ ਕਿ ਕਾਰ ਚਾਲਕ ਏਐੱਸਆਈ ਪੁਲਿਸ ਅਧਿਕਾਰੀ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਉਸ ਤੋਂ ਕਾਰ ਵੀ ਨਹੀਂ ਚੱਲ ਰਹੀ ਸੀ। ਦੱਸਿਆ ਗਿਆ ਕਿ ਕਾਰ ਵਿੱਚੋਂ ਇੱਕ ਬੋਤਲ ਸ਼ਰਾਬ ਵੀ ਬਰਾਮਦ ਹੋਈ।