10ਵੀਂ ਦੀ ਮੈਰਿਟ ‘ਚ ਆਉਣ ਵਾਲੀ ਦਿਪਾਂਸ਼ੀ ਦਾ ਮੁਕਾਬਲਾ ਆਪਣੀਆਂ ਭੈਣਾਂ ਨਾਲ ਹੀ ਸੀ, ਟੌਪ ਕਰਕੇ ਦਿਪਾਂਸ਼ੀ ਨੇ ਪੱਤਰਕਾਰ ਪਿਤਾ ਦਾ ਸੁਫਨਾ ਕੀਤਾ ਪੂਰਾ

0
4818

ਇਮਰਾਨ ਖਾਨ | ਨਵਾਂਸ਼ਹਿਰ

ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਇਸ ਸਾਲ ਨਵਾਂਸ਼ਹਿਰ ਜਿਲੇ ਤੋਂ ਟੌਪ ਕਰਨ ਵਾਲੀ ਦਿਪਾਂਸ਼ੀ ਦਾ ਮੁਕਾਬਲਾ ਕਿਸੇ ਹੋਰ ਨਾਲ ਨਹੀਂ ਸਗੋਂ ਆਪਣੀਆਂ ਭੈਣਾਂ ਨਾਲ ਹੀ ਸੀ। ਨਵਾਂਸ਼ਹਿਰ ਜਿਲੇ ‘ਚ ਟੌਪ ਤੇ ਪੰਜਾਬ ਦੀ ਮੈਰਿਟ ‘ਚ ਅੱਠਵੇਂ ਨੰਬਰ ‘ਤੇ ਆ ਕੇ ਦਿਪਾਂਸ਼ੀ ਨੇ ਭੈਣਾਂ ਨਾਲ ਕੰਪੀਟਿਸ਼ਨ ਜਿੱਤ ਲਿਆ ਹੈ।

ਦੀਪਾਂਸ਼ੀ ਦੈਨਿਕ ਸਵੇਰਾ ਅਖਬਾਰ ਦੇ ਨਵਾਂਸ਼ਹਿਰ ਦੇ ਬਿਊਰੋ ਚੀਫ ਰਿਸ਼ੀ ਚੰਦਰ ਦੀ ਸੱਭ ਤੋਂ ਛੋਟੀ ਬੇਟੀ ਹੈ। ਰਿਸ਼ੀ ਦੱਸਦੇ ਹਨ ਕਿ ਉਨ੍ਹਾਂ ਦੀਆਂ ਤਿੰਨੇ ਬੇਟੀਆਂ ਪੜ੍ਹਾਈ ‘ਚ ਹੁਸ਼ਿਆਰ ਹਨ। ਵੱਡੀ ਬੇਟੀ ਕ੍ਰਿਤੀ ਦੇ 84 ਫੀਸਦੀ ਨੰਬਰ ਆਏ ਸਨ। ਇਸ ਤੋਂ ਬਾਅਦ ਛੋਟੀ ਬੇਟੀ ਜਾਗ੍ਰਿਤੀ ਦੇ 95 ਫੀਸਦੀ ਨੰਬਰ ਆਏ ਪਰ ਉਹ ਕੁਝ ਪੁਆਇੰਟਾਂ ਤੋਂ ਮੈਰਿਟ ਲਿਸਟ ਵਿੱਚ ਆਉਣ ਤੋਂ ਰਹਿ ਗਈ ਸੀ। ਇਸ ਲਈ ਮੈਂ ਚਾਹੁੰਦਾ ਸੀ ਕਿ ਦਿਪਾਂਸ਼ੀ ਜ਼ਰੂਰ ਮੈਰਿਟ ਲਿਸਟ ਵਿੱਚ ਆਵੇ। ਦਿਪਾਂਸ਼ੀ ਆਪਣੀ ਭੈਣਾਂ ਨਾਲ ਹੀ ਮੁਕਾਬਲਾ ਮੰਨਦੀ ਸੀ ਅਤੇ ਉਸ ਨੇ ਇਹ ਕਰਕੇ ਵੀ ਵਿਖਾਇਆ।

ਦਿਪਾਂਸ਼ੀ ਦੇ ਮਦਰ ਨੀਲਮ ਨਵਾਂਸ਼ਹਿਰ ਦੇ ਡਾ. ਆਸਾਨੰਦ ਆਰਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਟੀਚਰ ਹਨ। ਦਿਪਾਂਸ਼ੀ ਅਤੇ ਉਸ ਦੀਆਂ ਦੋਵੇਂ ਭੈਣਾਂ ਵੀ ਇਸੇ ਸਕੂਲ ‘ਚ ਪੜ੍ਹੀਆਂ ਹਨ। ਸਭ ਤੋਂ ਵੱਡੀ ਭੈਣ ਕ੍ਰਿਤੀ ਐਮ ਕਾਮ ਕਰਨ ਤੋਂ ਬਾਅਦ ਪਿੰਡ ਕੁਲਾਮ ਵਿੱਚ ਕਾਮਰਸ ਪੜ੍ਹਾਉਂਦੇ ਹਨ ਅਤੇ ਜਾਗ੍ਰਿਤੀ ਬੀਸੀਏ ਦੇ ਲਾਸਟ ਸਮੈਸਟ ਵਿੱਚ ਹਨ।

ਦਿਪਾਂਸ਼ੀ ਦੇ ਪਿਤਾ ਰਿਸ਼ੀ ਚੰਦਰ ਉਸ ਨਾਲ ਜੁੜੀ ਇੱਕ ਹੋਰ ਦਿਲਚਸਪ ਕਹਾਣੀ ਦੱਸਦੇ ਹਨ। ਉਹ ਕਹਿੰਦੇ ਹਨ- 2 ਬੇਟੀਆਂ ਤੋਂ ਬਾਅਦ ਜਦੋਂ ਸਾਡਾ ਤੀਸਰਾ ਬੱਚਾ ਦੁਨੀਆ ਵਿੱਚ ਆਉਣਾ ਸੀ ਤਾਂ ਸਾਡੇ ਇੱਕ ਫੈਮਿਲੀ ਫ੍ਰੈਂਡ ਨੇ ਕਿਹਾ ਸੀ ਕਿ ਜੇਕਰ ਕੁੜੀ ਹੋਵੇ ਤਾਂ ਮੈਨੂੰ ਦੇ ਦੇਣਾ ਅਤੇ ਮੁੰਡਾ ਹੋਵੇ ਤਾਂ ਤੁਸੀਂ ਰੱਖਣਾ। ਉਸ ਦਾ ਆਪਣਾ ਕੋਈ ਬੱਚਾ ਨਹੀਂ ਸੀ। ਦਿਪਾਂਸ਼ੀ ਦੇ ਪੈਦਾ ਹੋਣ ਦੀ ਖਬਰ ਮਿਲਦਿਆਂ ਹੀ ਉਹ ਮਿਠਾਈ ਦਾ ਡੱਬਾ ਲੈ ਕੇ ਆਏ ਅਤੇ ਕਹਿਣ ਲੱਗੇ ਸਾਡੀ ਕੁੜੀ ਸਾਨੂੰ ਦੇ ਦਿਓ, ਪਰ ਮੇਰੀ ਮਾਂ ਨੇ ਗੁੱਸਾ ਕਰ ਲਿਆ। ਉਹ ਬੋਲੇ- ਅਸੀਂ ਪਹਿਲਾਂ ਕਿਹੜਾ ਦੋਵੇਂ ਕੁੜੀਆਂ ਨੂੰ ਸੁੱਟ ਦਿੱਤਾ ਹੈ ਜੋ ਇਸ ਨੂੰ ਪਾਲ ਨਹੀਂ ਸਕਦੇ। ਮਾਂ ਦੀ ਇਹ ਗੱਲ ਸੁਣ ਕੇ ਮੈਂ ਨਿਸ਼ਚਾ ਕਰ ਲਿਆ ਕਿ ਇਨ੍ਹਾਂ ਤਿੰਨ੍ਹਾਂ ਨੂੰ ਚੰਗੀ ਸਿੱਖਿਆ ਦੇਣੀ ਹੈ ਅਤੇ ਤਿੰਨੇ ਇਸ ਰਸਤੇ ਵਿੱਚ ਅੱਗੇ ਵੀ ਵੱਧ ਰਹੀਆਂ ਹਨ।

ਦਿਪਾਂਸ਼ੀ ਦੇ ਮਦਰ ਨੀਲਮ ਕਹਿੰਦੇ ਹਨ ਕਿ ਇਸ ਕਾਮਯਾਬੀ ਵਿੱਚ ਸਕੂਲ ਡਾਇਰੈਕਟਰ ਅਚਲਾ ਭੱਲਾ, ਪ੍ਰਿੰਸੀਪਲ ਅਮਿਤ ਸਭਰਵਾਲ ਤੇ ਪੂਰੇ ਸਟਾਫ ਦਾ ਉਨ੍ਹਾਂ ਹੀ ਸੰਘਰਸ਼ ਹੈ ਜਿਨ੍ਹਾਂ ਕਿ ਪਰਿਵਾਰ ਦਾ। ਲੌਕਡਾਊਨ ਦੇ ਦਿਨਾਂ ਵਿੱਚ ਡਾਇਰੈਕਟਰ ਮੈਡਮ ਨੇ ਦਿਪਾਂਸ਼ੀ ਦੀਆਂ ਆਨਲਾਈਨ ਇੰਗਲਿਸ਼ ਕਲਾਸਾਂ ਲਗਵਾਈਆਂ ਜੋ ਕਿ ਹੁਣ ਵੀ ਚੱਲ ਰਹੀਆਂ ਹਨ।

ਦਿਪਾਂਸ਼ੀ ਕਾਮਰਸ ਦੀ ਪੜ੍ਹਾਈ ਕਰਕੇ ਐਮਬੀਏ ਕਰਨਾ ਚਾਹੁੰਦੀ ਹੈ ਤੇ ਦੇਸ਼ ਦੀ ਅਰਥਵਿਵਸਥਾ ਨੂੰ ਉੱਚਾ ਚੁੱਕਣਾ ਚਾਹੁੰਦੀ ਹੈ। ਕਹਿੰਦੀ ਹੈ- ਮੇਰੇ ਮਾਂ-ਬਾਪ ਦਾ ਸੁਫਨਾ ਸੀ ਕਿ ਮੇਰਾ ਨਾਂ ਮੈਰਿਟ ਲਿਸਟ ਵਿੱਚ ਆਵੇ ਤੇ ਉਹ ਮੈਂ ਪੂਰਾ ਕਰ ਦਿੱਤਾ ਹੈ। ਕਿਸੇ ਕੁੜੀ ਲਈ ਇਸ ਤੋਂ ਵੱਡੀ ਕਾਮਯਾਬੀ ਕਿ ਹੋ ਸਕਦੀ ਹੈ ਕਿ ਉਹ ਆਪਣੇ ਪੇਰੇਂਟਸ ਦਾ ਸੁਫਨਾ ਪੂਰਾ ਕਰ ਸਕੇ।

ਇਹ ਸਟੋਰੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੱਸਣਾ…