-ਰਿਜ਼ਵਾਨਾ ਜਲੰਧਰੀ
ਅੱਜ ਅਸੀਂ ਇਸਲਾਮ ਧਰਮ ਦੇ ਅੰਤਿਮ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਜੀਵਨ ਤੇ ਉਨ੍ਹਾਂ ਦੀਆਂ ਅਜ਼ੀਮ ਸਿੱਖਿਆਵਾਂ ਦਾ ਜ਼ਿਕਰ ਕਰਾਂਗੇ। ਉਂਝ ਤਾਂ ਪਵਿੱਤਰ ਕੁਰਆਨ-ਏ-ਪਾਕ ਅਤੇ ਹਦੀਸਾਂ ਵਿੱਚ ਉਨ੍ਹਾਂ ਦੀਆਂ ਬੇਸ਼ੁਮਾਰ ਸਿੱਖਿਆਵਾਂ ਦਾ ਜ਼ਿਕਰ ਹੈ, ਜਿਨ੍ਹਾਂ ਵਿੱਚ ਆਪ ਜੀ ਨੇ ਪੈਦਾ ਹੋਣ ਤੋਂ ਲੈ ਕੇ ਮੌਤ ਤੱਕ ਹਰ ਮਾਮਲੇ ‘ਚ ਸਮੁੱਚੇ ਇਨਸਾਨਾਂ ਦੀ ਅਗਵਾਈ ਕੀਤੀ ਹੈ, ਉਨ੍ਹਾਂ ਸਿੱਖਿਆਵਾਂ ਵਿੱਚ ਜਿੱਥੇ ਇਕ ਰੱਬ ਦੀ ਇਬਾਦਤ, ਉਸ ਦੀ ਬੰਦਗੀ, ਤਕਵਾ, ਪ੍ਰਹੇਜ਼ਗਾਰੀ, ਝੂਠ ਤੋਂ ਗੁਰੇਜ਼, ਸੱਚ ਦਾ ਸਾਥ ਆਦਿ ਦੇ ਨਾਲ ਆਪਸੀ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਨੂੰ ਸਥਾਪਿਤ ਕਰਨ ਵਿੱਚ ਜੋ ਅਹਿਮ ਭੂਮਿਕਾ ਅਦਾ ਕੀਤੀ ਹੈ ਉਹ ਲਾਸਾਨੀ ਹੈ।
ਆਪ ਨੇ ਜੋ ਰੱਬੀ ਸਿੱਖਿਆਵਾਂ ਪੇਸ਼ ਕੀਤੀਆਂ, ਉਨ੍ਹਾਂ ਦੀ ਇਕ ਝਲਕ ਇਸ ਪ੍ਰਕਾਰ ਹੈ। ਆਪ ਜੀ ਫਰਮਾਉਂਦੇ ਹਨ ਕਿ ਰੱਬ ਦਾ ਫ਼ੈਸਲਾ ਹੈ ਕਿ ਸਿਰਫ਼ ਉਸ ਦੀ ਹੀ ਪੂਜਾ, ਬੰਦਗੀ ਤੇ ਤਾਬੇਦਾਰੀ ਕਰੋ। ਮਾਂ-ਬਾਪ ਨਾਲ ਚੰਗਾ ਵਤੀਰਾ ਅਖਤਿਆਰ ਕਰੋ। ਜਦੋਂ ਉਹ ਬੁਢਾਪੇ ਨੂੰ ਪਹੁੰਚ ਜਾਣ ਤਾਂ ਉਨ੍ਹਾਂ ਨਾਲ ਡਾਂਟ-ਡਪਟ ਵਾਲਾ ਸਲੂਕ ਨਾ ਕਰੋ। ਉਨ੍ਹਾਂ ਨਾਲ ਸ਼ਰੀਫ਼ਾਂ ਵਾਲਾ ਵਿਵਹਾਰ ਕਰੋ। ਰਿਸ਼ਤੇਦਾਰਾਂ, ਯਤੀਮਾਂ, ਮਸਕੀਨਾਂ ਤੇ ਮੁਸਾਫ਼ਰਾਂ ਦੇ ਹੱਕ ਅਦਾ ਕਰੋ। ਫ਼ਜ਼ੂਲ ਖ਼ਰਚੀ ਤੋਂ ਬਚੋ ਕਿਉਂਕਿ ਫਜ਼ੂਲ ਖ਼ਰਚੀ ਕਰਨ ਵਾਲੇ ਸ਼ੈਤਾਨ ਦੇ ਭਰਾ ਹਨ । ਆਪਣੀ ਸੰਤਾਨ ਨੂੰ ਗ਼ਰੀਬੀ ਕਾਰਨ ਕਤਲ ਨਾ ਕਰੋ। ਅਸੀਂ ਉਨ੍ਹਾਂ ਨੂੰ ਵੀ ਰੋਜ਼ੀ ਦਿਆਂਗੇ ਤੇ ਤੁਹਾਨੂੰ ਵੀ। ਬਦਕਾਰੀ ਦੇ ਨੇੜੇ ਵੀ ਨਾ ਜਾਓ। ਇਹ ਬੇਸ਼ਰਮੀ ਦੇ ਕੰਮ ਹਨ ਤੇ ਇਹ ਬਹੁਤ ਹੀ ਬੁਰਾ ਰਸਤਾ ਹੈ। ਰੱਬ ਨੇ ਹਰ ਮਨੁੱਖ ਨੂੰ ਆਦਰ-ਸਨਮਾਨ ਯੋਗ ਪੈਦਾ ਕੀਤਾ ਹੈ। ਉਸ ਨੂੰ ਅਨਹੱਕਾ ਕਤਲ ਨਾ ਕਰੋ। ਅਨਾਥ ਦੇ ਮਾਲ ਦੇ ਨੇੜੇ ਵੀ ਨਾ ਜਾਓ, ਹਾਂ ਆਪਣਾ ਸੇਵਾ ਕਰਨ ਯੋਗ ਹੱਕ ਲੈ ਸਕਦੇ ਹੋ। ਜਦੋਂ ਉਹ ਜਵਾਨ ਹੋ ਜਾਣ ਤਾਂ ਉਨ੍ਹਾਂ ਦਾ ਮਾਲ ਉਨ੍ਹਾਂ ਦੇ ਹਵਾਲੇ ਕਰ ਦਿਓ। ਵਾਅਦਾ ਹਰ ਹਾਲ ਵਿੱਚ ਪੂਰਾ ਕਰੋ। ਨਾਪ-ਤੋਲ ਵਿੱਚ ਕਮੀ ਨਾ ਕਰੋ। ਧਰਤੀ ‘ਤੇ ਘੁਮੰਡੀ ਬਣ ਕੇ ਨਾ ਚੱਲੋ। ਤੁਸੀਂ ਇਸ ਧਰਤੀ ਨੂੰ ਫੜ ਨਹੀਂ ਸਕਦੇ ਤੇ ਨਾ ਹੀ ਪਹਾੜਾਂ ਦੀ ਉਚਾਈ ਨੂੰ ਹੀ ਪਹੁੰਚ ਸਕਦੇ ਹੋ।
ਆਪ ਜੀ ਨੇ ਫਰਮਾਇਆ ਕਿ ਸਾਰੇ ਲੋਕ ਹਜ਼ਰਤ ਆਦਮ ਅਲੇਹਿੱਸਲਾਮ ਦੀ ਔਲਾਦ ਹਨ। ਸਾਰਿਆਂ ਨਾਲ ਮੁਹੱਬਤ ਰੱਖੋ, ਆਪਣੇ ਮਾਂ-ਬਾਪ ਦੀ ਹਰ ਹਾਲ ਵਿੱਚ ਸੇਵਾ ਕਰੋ, ਉਨ੍ਹਾਂ ਨੇ ਤੁਹਾਡੀ ਪਰਵਰਿਸ਼ ਕਰ ਕੇ ਤੁਹਾਨੂੰ ਵੱਡਾ ਕੀਤਾ ਹੈ, ਸਦਾ ਉਨ੍ਹਾਂ ਦਾ ਫਰਮਾਬਰਦਾਰ ਰਹੋ ਤੇ ਉਨ੍ਹਾਂ ਦੇ ਸਾਹਮਣੇ ਉੱਚੀ ਆਵਾਜ਼ ‘ਚ ਗੱਲ ਨਾ ਕਰੋ। ਪੈਗੰਬਰ ਮੁਹੰਮਦ ਆਰਬੀ ਨੇ ਫਰਮਾਇਆ ਕਿ ਇਨਸਾਨਾਂ ਵਿੱਚੋਂ ਬਿਹਤਰੀਨ ਇਨਸਾਨ ਉਹ ਹੈ, ਜੋ ਦੂਜਿਆਂ ਦਾ ਹਮਦਰਦ, ਪਵਿੱਤਰ ਆਚਰਣ ਵਾਲਾ ਅਤੇ ਆਪਣੇ ਰੱਬ ਦਾ ਆਗਿਆਕਾਰੀ ਹੈ। ਇਸੇ ਤਰ੍ਹਾਂ ਜੇਕਰ ਆਪ ਜੀ ਦੀ ਸਿੱਖਿਆ ਵਿੱਚ ਗੁਆਂਢੀਆਂ ਦੇ ਹੱਕ-ਹਕੂਕ ਦੀ ਗੱਲ ਕੀਤੀ ਜਾਵੇ ਤਾਂ ਰਸੂਲ ਏ ਅਰਬੀ ਨੇ ਫਰਮਾਇਆ ਜਿਹੜਾ ਵਿਅਕਤੀ ਰੱਬ ਅਤੇ ਪਰਲੌਕਿਕ ਜੀਵਨ ਤੇ ਈਮਾਨ ਰੱਖਦਾ ਹੈ, ਉਹ ਆਪਣੇ ਗੁਆਂਢੀਆਂ ਨੂੰ ਕੋਈ ਤਕਲੀਫ ਨਾ ਦੇਵੇ। ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦਾ ਜੀਵਨ ਅਤੇ ਸ਼ਖ਼ਸੀਅਤ ਵਿਲੱਖਣ ਵਿਸ਼ੇਸ਼ਤਾਵਾਂ ਦੀ ਧਾਰਨੀ ਹੈ। ਆਪ ਜੀ ਦਾ ਬਚਪਨ ਯਤੀਮੀ ਦੀ ਹਾਲਤ ਵਿੱਚ ਗੁਜ਼ਰਿਆ ਅਤੇ ਜ਼ਿੰਦਗੀ ਦੇ ਅੰਤਲੇ ਦੌਰ ਵਿੱਚ ਆਪ ਨੇ ਅਰਬ ਦੇ ਇੱਕ ਵੱਡੇ ਭਾਗ ਤੇ ਬਾਦਸ਼ਾਹਤ ਕੀਤੀ। ਆਪ ਜੀ ਅੱਲ੍ਹਾ ਦੇ ਆਖ਼ਰੀ ਪੈਗੰਬਰ ਸਨ। ਕਯਾਮਤ ਤੱਕ ਹੁਣ ਕਿਸੇ ਹੋਰ ਪੈਗੰਬਰ ਨੇ ਮਨੁੱਖ ਜਾਤੀ ਦੀ ਰਹਿਨੁਮਾਈ ਕਰਨ ਲਈ ਨਹੀਂ ਆਉਣਾ। ਅੰਤਿਮ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੁਆਰਾ ਪੇਸ਼ ਸਿੱਖਿਆਵਾਂ ਦਾ ਸੰਪੂਰਨ ਹੋਣਾ ਅਤੇ ਸੁਰੱਖਿਅਤ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਆਮਤ ਤੱਕ ਮਨੁੱਖ ਜਾਤੀ ਉਨ੍ਹਾਂ ਤੋਂ ਦੀਨੀ ਅਤੇ ਦੁਨਿਆਵੀ ਅਗਵਾਈ ਹਾਸਲ ਕਰ ਸਕੇ। ਆਪ ਸਬੰਧੀ ਇਹ ਦੋਵੇਂ ਗੱਲਾਂ ਉਚਤਮ ਰੂਪ ਵਿਚ ਮੌਜੂਦ ਹਨ। ਹਜ਼ਰਤ ਮੁਹੰਮਦ ਸਾਹਿਬ ਦੀ ਸ਼ਖ਼ਸੀਅਤ ਬਹੁਪੱਖੀ, ਅਸਾਧਾਰਨ ਪ੍ਰਤਿਭਾ ਦੀ ਧਾਰਨੀ ਹੈ। ਮਨੁੱਖੀ ਇਤਿਹਾਸ ਦੀਆਂ ਮਹਾਨ ਸ਼ਖਸੀਅਤਾਂ ਦੇ ਜੀਵਨ ‘ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਉਨ੍ਹਾਂ ਦੀ ਮਹਾਨਤਾ ਆਮ ਤੌਰ ‘ਤੇ ਜੀਵਨ ਦੇ ਇੱਕ ਜਾਂ ਕੁਝ ਇੱਕ ਪੱਖਾਂ ਜਾਂ ਖੇਤਰਾਂ ਤੱਕ ਹੀ ਸੀਮਤ ਹੁੰਦੀ ਹੈ ਪ੍ਰੰਤੂ ਆਪ ਦੇ ਸੰਬੰਧ ਵਿੱਚ ਅਜਿਹਾ ਨਹੀਂ ਹੈ। ਪ੍ਰੋਫੈਸਰ ਕੇ ਐੱਸ ਰਾਮਾ ਕ੍ਰਿਸ਼ਨਾ ਰਾਓ ਲਿਖਦੇ ਹਨ- ਹਜ਼ਰਤ ਮੁਹੰਮਦ ਸਾਹਿਬ ਦੇ ਵਿਅਕਤੀਤਵ ਦੀਆਂ ਸਾਰੀਆਂ ਸੱਚਾਈਆਂ ਦਾ ਗਿਆਨ ਪ੍ਰਾਪਤ ਕਰਨਾ ਔਖਾ ਕੰਮ ਹੈ, ਮੈਂ ਤਾਂ ਉਨ੍ਹਾਂ ਦੀਆਂ ਕੁਝ ਕੁ ਝਲਕੀਆਂ ਹੀ ਵੇਖ ਸਕਿਆ ਹਾਂ। ਪੈਗੰਬਰ ਮੁਹੰਮਦ ਸਾਹਿਬ ਕਈ ਰੂਪਾਂ ਵਿੱਚ ਸਾਡੇ ਸਾਹਮਣੇ ਆਉਂਦੇ ਹਨ, ਜਿਵੇਂ ਇੱਕ ਪੈਗੰਬਰ ਦੇ ਰੂਪ ‘ਚ, ਇੱਕ ਯੋਧੇ ਦੇ ਰੂਪ ‘ਚ, ਇੱਕ ਵਪਾਰੀ, ਇੱਕ ਉਪਦੇਸ਼ਕ, ਇੱਕ ਕੂਟਨੀਤਕ, ਇੱਕ ਦਾਰਸ਼ਨਿਕ, ਇੱਕ ਸਮਾਜ ਸੁਧਾਰਕ, ਯਤੀਮਾਂ ਦੇ ਹਮਦਰਦ, ਗੁਲਾਮਾਂ ਦੇ ਰਾਖੇ ਦੇ ਤੌਰ ਵੀ।
ਸਵਾਮੀ ਵਿਵੇਕਾਨੰਦ ਅਨੁਸਾਰ ਪੈਗੰਬਰ ਮੁਹੰਮਦ ਸਾਹਿਬ ਸੰਸਾਰ ਵਿੱਚ ਸਮਾਨਤਾ ਦੇ ਸੰਦੇਸ਼ਵਾਹਕ ਸਨ, ਉਹ ਆਪਸੀ ਪ੍ਰੇਮ ਅਤੇ ਭਾਈਚਾਰਾ ਦੇ ਪ੍ਰਚਾਰਕ ਸਨ। ਉਨ੍ਹਾਂ ਦੇ ਧਰਮ ਵਿੱਚ ਜਾਤ ਬਰਾਦਰੀ, ਵਰਗ ਜਾਂ ਨਸਲ ਆਦਿ ਦਾ ਕੋਈ ਸਥਾਨ ਨਹੀਂ ਹੈ। ਵਿਵਹਾਰਕ ਦੈਨਿਕ ਜੀਵਨ ਦੇ ਪੱਧਰ ‘ਤੇ ਜੇਕਰ ਕਿਸੇ ਧਰਮ ਦੇ ਅਨੁਯਾਈਆਂ ਨੇ ਸਮਾਨਤਾ ਦੇ ਸਿਧਾਂਤ ਨੂੰ ਸਲਾਹੁਣਯੋਗ ਰੂਪ ਵਿੱਚ ਅਪਣਾਇਆ ਹੈ ਤਾਂ ਉਹ ਇਸਲਾਮ ਹੈ। ਇਸਲਾਮ ਸਮੂਹ ਮਨੁੱਖ ਜਾਤੀ ਨੂੰ ਇਕ ਸਮਾਨ ਦੇਖਦਾ ਅਤੇ ਵਿਵਹਾਰ ਕਰਦਾ ਹੈ। ਇਹੋ ਅਦਵੈਤ ਹੈ। ਸਵਾਮੀ ਜੀ ਇਹ ਗੱਲ ਵੀ ਸਪੱਸ਼ਟ ਰੂਪ ਵਿੱਚ ਆਖਦੇ ਹਨ ਕਿ ਭਾਰਤ ਵਿੱਚ ਇਸਲਾਮ ਤਲਵਾਰ ਦੇ ਜ਼ੋਰ ਜਾਂ ਭੌਤਿਕ ਸਾਧਨਾਂ ਦੁਆਰਾ ਨਹੀਂ ਫੈਲਿਆ। ਮਹਾਤਮਾ ਗਾਂਧੀ ਲਿਖਦੇ ਹਨ- ਮੈਂ ਪੈਗੰਬਰ-ਏ-ਇਸਲਾਮ ਦੀ ਜੀਵਨੀ ਦਾ ਅਧਿਐਨ ਕਰ ਰਿਹਾ ਸੀ, ਜਦੋਂ ਮੈਂ ਕਿਤਾਬ ਦਾ ਦੂਜਾ ਭਾਗ ਵੀ ਖਤਮ ਕਰ ਲਿਆ ਤਾਂ ਮੈਨੂੰ ਦੁੱਖ ਹੋਇਆ ਕਿ ਇਸ ਮਹਾਨ ਪ੍ਰਤਿਭਾਸ਼ਾਲੀ ਜੀਵਨ ਦਾ ਅਧਿਐਨ ਕਰਨ ਲਈ ਹੁਣ ਮੇਰੇ ਕੋਲ ਕੋਈ ਹੋਰ ਪੁਸਤਕ ਨਹੀਂ ਰਹੀ। ਹੁਣ ਮੇਰਾ ਵਿਸ਼ਵਾਸ ਪਹਿਲਾਂ ਨਾਲੋਂ ਵੀ ਵਧੇਰੇ ਦ੍ਰਿੜ੍ਹ ਹੋ ਗਿਆ ਹੈ ਕਿ ਇਹ ਤਲਵਾਰ ਦੀ ਤਾਕਤ ਨਹੀਂ ਸੀ, ਜਿਸ ਨੇ ਇਸਲਾਮ ਦੇ ਲਈ ਦੁਨੀਆਂ ਵਿੱਚ ਜਿੱਤ ਪ੍ਰਾਪਤ ਕੀਤੀ, ਬਲਕਿ ਇਹ ਇਸਲਾਮ ਦੇ ਪੈਗੰਬਰ ਦਾ ਬੇਹੱਦ ਸਾਦਾ ਜੀਵਨ ਆਪਣਾ ਨਿਰਸੁਆਰਥਪਣ ਪ੍ਰਤਿੱਗਿਆ ਪਾਲਣ ਅਤੇ ਬੇਖੌਫ਼ੀ ਸੀ। ਆਪ ਦਾ ਆਪਣੇ ਮਿੱਤਰਾਂ ਤੇ ਅਨੁਯਾਈਆਂ ਨਾਲ ਪਿਆਰ ਕਰਨਾ ਅਤੇ ਰੱਬ ‘ਤੇ ਭਰੋਸਾ ਰੱਖਣਾ ਸੀ। ਇਨ੍ਹਾਂ ਗੁਣਾਂ ਤੇ ਵਿਸ਼ੇਸ਼ਤਾਵਾਂ ਨਾਲ ਸਭ ਰੁਕਾਵਟਾਂ ਦੂਰ ਹੋ ਗਈਆਂ ਅਤੇ ਆਪ ਨੇ ਸਭਨਾਂ ਕਠਿਨਾਈਆਂ ‘ਤੇ ਜਿੱਤ ਪ੍ਰਾਪਤ ਕਰ ਲਈ। ਪ੍ਰੋਫ਼ੈਸਰ ਹਰਗਰੋਨਜ਼ ਦੇ ਸ਼ਬਦਾਂ ਵਿੱਚ ਪੈਗੰਬਰ-ਏ-ਇਸਲਾਮ ਦੁਆਰਾ ਸਥਾਪਿਤ ਰਾਸ਼ਟਰ ਸੰਘ ਨੇ ਅੰਤਰਰਾਸ਼ਟਰੀ ਏਕਤਾ ਅਤੇ ਮਨੁੱਖੀ ਭਾਈਚਾਰੇ ਦੇ ਨਿਯਮਾਂ ਨੂੰ ਅਜਿਹੇ ਸਰਵਜਨਕ ਪੱਧਰ ‘ਤੇ ਸਥਾਪਿਤ ਕੀਤਾ ਹੈ, ਜੋ ਦੂਸਰੇ ਰਾਸ਼ਟਰਾਂ ਨੂੰ ਰਸਤਾ ਦਿਖਾਉਂਦੇ ਰਹਿਣਗੇ। ਉਹ ਇਸ ਤੋਂ ਅੱਗੇ ਲਿਖਦੇ ਹਨ- ਅਸਲੀਅਤ ਇਹ ਹੈ ਕਿ ਰਾਸ਼ਟਰ ਸੰਘ ਦੀ ਧਾਰਨਾ ਨੂੰ ਅਮਲੀ ਰੂਪ ਦੇਣ ਲਈ ਜੋ ਕਾਰਨਾਮਾ ਇਸਲਾਮ ਨੇ ਕੀਤਾ ਹੈ, ਕੋਈ ਵੀ ਦੂਸਰਾ ਰਾਸ਼ਟਰ ਉਸ ਦੀ ਉਦਾਹਰਣ ਪੇਸ਼ ਨਹੀਂ ਕਰ ਸਕਦਾ। ਪੈਗੰਬਰ ਹਜ਼ਰਤ ਮੁਹੰਮਦ ਨੇ ਲੋਕਤੰਤਰੀ ਸ਼ਾਸਨ ਪ੍ਰਣਾਲੀ ਨੂੰ ਉਸ ਦੇ ਉੱਤਮ ਰੂਪ ਵਿੱਚ ਸਥਾਪਿਤ ਕੀਤਾ। ਖ਼ਲੀਫ਼ਾ ਉਮਰ, ਖ਼ਲੀਫਾ ਅਲੀ, ਖ਼ਲੀਫਾ ਮਨਸੂਰ, ਅੱਬਾਸ ਕਈ ਦੂਸਰੇ ਖ਼ਲੀਫ਼ਾ ਅਤੇ ਮੁਸਲਿਮ ਸੁਲਤਾਨਾਂ ਨੂੰ ਇੱਕ ਸਾਧਾਰਨ ਵਿਅਕਤੀ ਦੀ ਤਰ੍ਹਾਂ ਇਸਲਾਮੀ ਅਦਾਲਤਾਂ ਵਿੱਚ ਜੱਜਾਂ ਦੇ ਸਾਹਮਣੇ ਪੇਸ਼ ਹੋਣਾ ਪਿਆ। ਅਸੀਂ ਸਾਰੇ ਜਾਣਦੇ ਹਾਂ ਕਿ ਕਾਲੀ ਨਸਲ ਦੇ ਹਬਸ਼ੀਆਂ ਨਾਲ ਸੱਭਿਅਕ ਗੋਰੀ ਨਸਲ ਅੱਜ ਵੀ ਕਿਸ ਤਰ੍ਹਾਂ ਦਾ ਵਿਵਹਾਰ ਕਰ ਰਹੀ ਹੈ। ਅੱਜ ਤੋਂ 14 ਸਦੀਆਂ ਪਹਿਲਾਂ ਪੈਗੰਬਰ ਦੇ ਸਮੇਂ ਵਿੱਚ ਕਾਲੇ ਨੀਗਰੋ ਬਿਲਾਲ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਇਸਲਾਮ ਦੇ ਮੁੱਢਲੇ ਦੌਰ ਤੋਂ ਹੀ ਨਮਾਜ਼ ਲਈ ਅਜ਼ਾਨ ਦੇਣ ਦੀ ਸੇਵਾ ਨੂੰ ਅਤਿਅੰਤ ਸਤਿਕਾਰ ਵਾਲਾ ਅਤੇ ਆਦਰ ਭਰਪੂਰ ਕੰਮ ਸਮਝਿਆ ਜਾਂਦਾ ਰਿਹਾ ਹੈ ਅਤੇ ਇਹ ਸਤਿਕਾਰ ਗੁਲਾਮ ਹਬਸ਼ੀ ਨੂੰ ਹੀ ਸੌਂਪਿਆ ਗਿਆ। ਮੱਕੇ ਦੀ ਜਿੱਤ ਤੋਂ ਪਿੱਛੋਂ ਉਸ ਨੂੰ ਹੁਕਮ ਦਿੱਤਾ ਗਿਆ ਕਿ ਉਹ ਨਮਾਜ਼ ਲਈ ਅਜ਼ਾਨ ਦੇਵੇ। ਇਹ ਕਾਲੇ ਰੰਗ ਦਾ ਅਤੇ ਮੋਟੇ ਬੁੱਲ੍ਹਾਂ ਵਾਲਾ ਹਬਸ਼ੀ ਗ਼ੁਲਾਮ ਇਸਲਾਮੀ ਦੁਨੀਆ ਦੀ ਸਭ ਤੋਂ ਪਵਿੱਤਰ ਅਤੇ ਇਤਿਹਾਸਕ ਇਮਾਰਤ ਪਾਕ ਕਾਅਬਾ ਦੀ ਛੱਤ ਉੱਤੇ ਅਜ਼ਾਨ ਦੇਣ ਲਈ ਚੜ੍ਹ ਗਿਆ। ਉਸ ਸਮੇਂ ਕੁਝ ਹੰਕਾਰੀ ਅਰਬ ਤੜਫ਼ ਉੱਠੇ। ਆਹ ਕਾਲਾ ਗੁਲਾਮ ਹਬਸ਼ੀ ਸਾਡੀ ਬਦਕਿਸਮਤੀ ਹੈ, ਜੋ ਅਜ਼ਾਨ ਦੇਣ ਲਈ ਕਾਅਬੇ ਸ਼ਰੀਫ ਦੀ ਛੱਤ ਉੱਪਰ ਚੜ੍ਹ ਗਿਆ ਹੈ। ਸ਼ਾਇਦ ਇਹੋ ਨਸਲੀ ਹੰਕਾਰ ਸੀ, ਜਿਸ ਦੇ ਉੱਤਰ ਵਿੱਚ ਆਪ ਨੇ ਇੱਕ ਖੁਤਬਾ ਦਿੱਤਾ। ਅਸਲ ਵਿੱਚ ਇਨ੍ਹਾਂ ਦੋਨਾਂ ਬੁਰਾਈਆਂ ਨੂੰ ਜੜ੍ਹ ਤੋਂ ਹੀ ਖ਼ਤਮ ਕਰਨਾ ਆਪ ਦਾ ਉਦੇਸ਼ ਸੀ। ਆਪ ਨੇ ਖ਼ੁਤਬੇ ਵਿੱਚ ਫਰਮਾਇਆ- ਸਾਰੀ ਪ੍ਰਸ਼ੰਸਾ ਅਤੇ ਧੰਨਵਾਦ ਅੱਲ੍ਹਾ ਲਈ ਹੀ ਹੈ, ਜਿਸ ਨੇ ਸਾਨੂੰ ਅਗਿਆਨ ਕਾਲ ਦੇ ਹੰਕਾਰ ਅਤੇ ਹੋਰ ਬੁਰਾਈਆਂ ਤੋਂ ਮੁਕਤ ਕੀਤਾ ਹੈ।
ਹੇ ਲੋਕੋ! ਯਾਦ ਰੱਖੋ ਕਿ ਸਾਰੀ ਮਨੁੱਖ ਜਾਤੀ ਕੇਵਲ ਦੋ ਧੜਿਆਂ ਵਿੱਚ ਵੰਡੀ ਹੋਈ ਹੈ- ਇੱਕ ਉਹ ਹਨ ਜੋ ਧਰਮ ਦੀ ਪਵਿੱਤਰਤਾ ਅਤੇ ਅੱਲਾਹ ਤੋਂ ਡਰਨ ਵਾਲੇ ਲੋਕ ਹਨ, ਉਹ ਅੱਲ੍ਹਾ ਦੀ ਨਿਗ੍ਹਾ ਵਿੱਚ ਸਤਿਕਾਰ ਵਾਲੇ ਹਨ। ਇਸੇ ਤਰ੍ਹਾਂ ਦੂਸਰਾ ਧੜਾ ਆਕੀ, ਅੱਤਿਆਚਾਰੀ, ਅਪਰਾਧੀ ਅਤੇ ਬੇਰਹਿਮ ਹੈ, ਜੋ ਅੱਲ੍ਹਾ ਦੀ ਨਿਗ੍ਹਾ ਤੋਂ ਡਿੱਗ ਚੁੱਕਾ ਹੈ। ਇਸ ਤੋਂ ਬਿਨਾਂ ਸਾਰੇ ਲੋਕ ਇਕ ਆਦਮ ਦੀ ਸੰਤਾਨ ਹਨ ਅਤੇ ਅੱਲ੍ਹਾ ਨੇ ਆਦਮ ਨੂੰ ਮਿੱਟੀ ਤੋਂ ਪੈਦਾ ਕੀਤਾ ਸੀ। ਇਸ ਦੀ ਤਸਦੀਕ ਕੁਰਆਨ ਦੇ ਇਨ੍ਹਾਂ ਸ਼ਬਦਾਂ ਵਿੱਚ ਕੀਤੀ ਗਈ ਹੈ, ਜਿਸ ਦਾ ਅਰਥ ਹੈ ਹੇ ਲੋਕੋ! ਮੈਂ ਤੁਹਾਨੂੰ ਇੱਕ ਪੁਰਸ਼ ਅਤੇ ਇਕ ਇਸਤਰੀ ਤੋਂ ਪੈਦਾ ਕੀਤਾ ਤੇ ਤੁਹਾਡੀਆਂ ਅਲੱਗ-ਅਲੱਗ ਜਾਤੀਆਂ ਅਤੇ ਕਬੀਲੇ ਬਣਾਏ ਤਾਂ ਜੋ ਤੁਸੀਂ ਇੱਕ ਦੂਸਰੇ ਨੂੰ ਪਛਾਣ ਸਕੋ, ਨਿਰਸੰਦੇਹ ਅੱਲ੍ਹਾ ਦੀ ਨਿਗ੍ਹਾ ਵਿੱਚ ਸਭ ਤੋਂ ਵੱਧ ਆਦਰਯੋਗ ਉਹ ਹੈ, ਜਿਹੜਾ ਸਭ ਤੋਂ ਵੱਧ ਡਰਨ ਵਾਲਾ ਹੈ, ਬੇਸ਼ੱਕ ਅੱਲ੍ਹਾ ਹਰੇਕ ਗੱਲ ਤੋਂ ਜਾਣੂ ਹੈ ਅਤੇ ਪੂਰੀ ਖਬਰ ਰੱਖਣ ਵਾਲਾ ਹੈ।
ਇਸ ਸੰਖੇਪ ਜਿਹੀ ਲਿਖਤ ਵਿੱਚ ਤਾਂ ਸਭ ਕੁਝ ਨਹੀਂ ਦੱਸਿਆ ਜਾ ਸਕਦਾ ਪਰ ਦੁਨੀਆਂ ਦੇ ਸਮੂਹ ਲੋਕਾਂ ਨੂੰ ਅੱਲ੍ਹਾ ਦੇ ਰਸੂਲ ਅੰਤਿਮ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੀ ਸੀਰਤ ਦਾ ਜ਼ਰੂਰ ਅਧਿਐਨ ਕਰਨਾ ਚਾਹੀਦਾ ਹੈ। ਆਪ ਜੀ ਦੀ ਹਰ ਪੱਖੋਂ ਆਦਰਸ਼ ਤੇ ਸੰਤੁਲਿਤ ਸ਼ਖਸੀਅਤ ਨੂੰ ਸਦਾ ਆਪਣੇ ਸਾਹਮਣੇ ਰੱਖਣਾ ਚਾਹੀਦਾ ਹੈ।
ਸੱਚਮੁੱਚ ਹੀ ਆਪ ਸਾਰੀ ਦੁਨੀਆ ਲਈ ਰਹਿਮਤ ਬਣ ਕੇ ਆਏ ਸਨ। ਅੱਜ ਆਪ ਦੀਆਂ ਸਿੱਖਿਆਵਾਂ ਮੂਲ ਰੂਪ ਵਿੱਚ ਮਨੁੱਖੀ ਵਿਰਾਸਤ ਦਾ ਵੱਡਮੁੱਲਾ ਸਰਮਾਇਆ ਹਨ ਅਤੇ ਉਨ੍ਹਾਂ ਉੱਤੇ ਅਮਲ ਕਰਕੇ ਦੁਨੀਆਂ ਫਿਰ ਉਨ੍ਹਾਂ ਦੀ ਰਹਿਮਤ ਦਾ ਸਾਕਸ਼ਾਤ ਨਜ਼ਾਰਾ ਕਰ ਸਕਦੀ ਹੈ।