ਫਿਰੋਜ਼ਪੁਰ | ਗੁਰੂਹਰਸਹਾਏ ਥਾਣਾ ਖੇਤਰ ਵਿੱਚ ਇੱਕ ਔਰਤ ਨੇ ਦੋਸ਼ ਲਾਇਆ ਕਿ ਗੁਆਂਢੀਆਂ ਨੇ ਉਸ ਦੀ ਧੀ ਨਾਲ ਛੇੜਛਾੜ ਅਤੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਿੱਤੀ ਗਈ ਤਾਂ ਏਐਸਆਈ ਨੇ ਕਿਹਾ ਕਿ ਜੇਕਰ ਉਹ ਉਸ ਨਾਲ ਸੌਵੇਗੀ ਤਾਂ ਹੀ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ।
ਪੀੜਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੇ ਪਤੀ ਦਾ ਗੁਆਂਢੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਝਗੜੇ ਤੋਂ ਬਾਅਦ ਉਹ ਕਿਤੇ ਚਲੇ ਗਏ ਸਨ। ਬਾਅਦ ‘ਚ ਪਤਾ ਲੱਗਾ ਕਿ ਗੁਆਂਢੀ ਨੇ ਉਸ ‘ਤੇ ਧਾਰਾ 295 ਤਹਿਤ ਝੂਠਾ ਕੇਸ ਦਰਜ ਕਰਵਾਇਆ ਹੈ।
ਔਰਤ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਇਮਤਿਹਾਨ ਸੀ, ਉਹ ਘਰੋਂ ਕਾਗਜ਼ਾਤ ਲੈਣ ਗਈ ਸੀ, ਜਿਸ ਦੌਰਾਨ ਮੁਲਜ਼ਮ ਨੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਵੀ ਕੀਤੀ। ਧੀ ਨੇ ਮੁਲਜ਼ਮ ਖ਼ਿਲਾਫ਼ ਥਾਣਾ ਗੁਰੂਹਰਸਹਾਏ ਵਿੱਚ ਸ਼ਿਕਾਇਤ ਦਿੱਤੀ।
ਪੀੜਤ ਦਾ ਦੋਸ਼ ਹੈ ਕਿ ਇਸ ਸ਼ਿਕਾਇਤ ਦੀ ਜਾਂਚ ਏਐਸਆਈ ਗਹਿਣਾ ਰਾਮ ਕਰ ਰਹੇ ਸਨ। ਜਦੋਂ ਪੀੜਤਾ ਨੂੰ ਜ਼ਮਾਨਤ ਮਿਲ ਗਈ ਤਾਂ ਉਹ ਥਾਣੇ ਗਈ ਅਤੇ ਏਐਸਆਈ ਨੂੰ ਪੁੱਛਿਆ ਕਿ ਬੇਟੀ ਦੀ ਸ਼ਿਕਾਇਤ ‘ਤੇ ਕੀ ਕਾਰਵਾਈ ਕੀਤੀ ਗਈ ਹੈ। ਪੀੜਤਾ ਨੇ ਦੱਸਿਆ ਕਿ ਏਐਸਆਈ ਨੇ ਉਸ ਨੂੰ ਆਪਣੇ ਨਾਲ ਸੌਣ ਦੀ ਪੇਸ਼ਕਸ਼ ਕਰਦਿਆਂ ਕਿਹਾ ਕਿ ਜੇਕਰ ਉਹ ਉਸ ਨਾਲ ਸੌਂਦੀ ਹੈ ਤਾਂ ਹੀ ਉਹ ਕੇਸ ਦਰਜ ਕਰੇਗਾ। ਔਰਤ ਨੇ ਦੱਸਿਆ ਕਿ ਉਸ ਕੋਲ ਏਐਸਆਈ ਨਾਲ ਹੋਈ ਗੱਲਬਾਤ ਦੀ ਆਡੀਓ ਰਿਕਾਰਡਿੰਗ ਵੀ ਹੈ।
ਦੂਜੇ ਪਾਸੇ ਏਐਸਆਈ ਗਹਿਣਾ ਰਾਮ ਦਾ ਕਹਿਣਾ ਹੈ ਕਿ ਵਾਇਰਲ ਹੋ ਰਹੀ ਆਡੀਓ ਰਿਕਾਰਡਿੰਗ ਵਿੱਚ ਮੇਰੀ ਆਵਾਜ਼ ਨਹੀਂ ਹੈ। ਇਹ ਡਿਜੀਟਲ ਯੁੱਗ ਹੈ, ਕਿਸੇ ਨੇ ਮੇਰੀ ਆਵਾਜ਼ ਵਿੱਚ ਡਬ ਕੀਤਾ ਹੈ। ਮੇਰੇ ‘ਤੇ ਲੱਗੇ ਦੋਸ਼ ਬੇਬੁਨਿਆਦ ਹਨ। ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ।