ਬਟਾਲਾ। ਸਿਆਣੇ ਕਹਿੰਦੇ ਨੇ ਕਿ ਮਿਹਨਤ ਦਾ ਕੋਈ ਮਿਹਣਾ ਨਹੀਂ ਹੁੰਦਾ, ਮੰਗਣ ਨਾਲੋਂ ਮਿਹਨਤ ਕਰਨਾ ਜ਼ਿਆਦਾ ਵਧੀਆ ਸੌਦਾ ਹੈ। ਇਸੇ ਕਹਾਵਤ ਨੂੰ ਸੱਚ ਕਰ ਰਹੀ ਏ ਬਟਾਲਾ ਦੀ ਰਹਿਣ ਵਾਲੀ ਇਕ ਭੈਣ, ਜਿਸਦਾ ਨਾਂ ਹੈ ਪੂਨਮ।
ਬਟਾਲਾ ਦੀ ਪੂਨਮ ਜੋ ਰੋਜ਼ ਸਵੇਰੇ ਨੇੜਲੇ ਪਿੰਡਾਂ ‘ਚੋਂ ਛੋਟੇ-ਛੋਟੇ ਬੱਚਿਆਂ ਨੂੰ ਬਟਾਲਾ ‘ਚ ਵੱਖ-ਵੱਖ ਸਕੂਲਾਂ ‘ਚ ਆਪਣੇ ਈ-ਰਿਕਸ਼ਾ ‘ਤੇ ਛੱਡਣ ਆਉਂਦੀ ਹੈ। ਲੋਕਾਂ ਲਈ ਇਕ ਔਰਤ ਡਰਾਈਵਰ ਹੈ ਲੇਕਿਨ ਪੂਨਮ ਦਾ ਕਹਿਣਾ ਹੈ ਕਿ ਵੱਡੇ ਸ਼ਹਿਰਾਂ ‘ਚ ਔਰਤ ਹਰ ਕੰਮ ‘ਚ ਆਪਣੇ ਪਰਿਵਾਰ ਅਤੇ ਪਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀ ਹੈ ਤਾਂ ਫਿਰ ਉਹ ਕਿਉਂ ਨਹੀਂ |

ਬਟਾਲਾ ਦੀਆਂ ਸੜਕਾਂ ‘ਤੇ ਸਵੇਰੇ ਪੂਨਮ ਨੇੜਲੇ ਪਿੰਡਾਂ ਤੋਂ ਛੋਟੇ ਬੱਚੇ ਲੈ ਕੇ ਈ – ਰਿਕਸ਼ਾ ‘ਤੇ ਸਕੂਲ ਛੱਡਦੀ ਹੈ ਅਤੇ ਇਹ ਔਰਤ ਇਕ ਆਪਣੀ ਵੱਖ ਪਹਿਚਾਣ ਬਣਾਏ ਹੋਏ ਹੈ। ਪੂਨਮ ਦਾ ਕਹਿਣਾ ਹੈ ਕਿ ਉਸਦਾ ਪਤੀ ਵੀ ਸਕੂਲ ਵੈਨ ਚਲਾਉਂਦਾ ਹੈ ਜਦਕਿ ਗੱਡੀ ਦੀਆਂ ਕਿਸ਼ਤਾਂ ਅਤੇ ਘਰ ਖਰਚ ਅਤੇ ਆਪਣੇ ਬੱਚਿਆਂ ਦੀ ਸਿੱਖਿਆ ਅਤੇ ਹੋਰਨਾਂ ਖਰਚ ਨੂੰ ਦੇਖਦੇ ਉਸ ਨੇ ਵੀ ਬੀੜਾ ਚੁੱਕਿਆ ਕਿ ਉਹ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਮਿਲਾ ਜਦ ਕੁਝ ਕੰਮ ਕਰਨ ਬਾਰੇ ਕਿਹਾ ਤਾਂ ਪਤੀ ਨੇ ਸੁਝਾਅ ਦਿੱਤਾ ਕਿ ਉਹ ਈ – ਰਿਕਸ਼ਾ ਚਲਾਉਣਾ ਸਿੱਖ ਕੇ ਇਹ ਕੰਮ ਅਪਣਾਏ।

ਪੂਨਮ ਦੇ ਪਤੀ ਜਿੰਦਰ ਮਸੀਹ ਜੋ ਖੁਦ ਡਰਾਈਵਰ ਹਨ, ਨੇ ਹੀ ਆਪਣੀ ਪਤਨੀ ਨੂੰ ਡਰਾਈਵਰ ਦੀ ਸਿਖਲਾਈ ਦਿੱਤੀ ਅਤੇ ਹੁਣ ਦੋਵੇਂ ਪਤੀ-ਪਤਨੀ ਸਕੂਲੀ ਬੱਚੇ ਆਪਣੇ ਆਪਣੇ ਵਾਹਨਾਂ ਰਾਹੀਂ ਸਵੇਰੇ ਸਕੂਲਾਂ ‘ਚ ਛੱਡਣ ਅਤੇ ਮੁੜ ਦੁਪਹਿਰ ਨੂੰ ਘਰਾਂ ਚ ਪੁੱਜਦਾ ਕਰ ਰਹੇ ਹਨ।
ਜਿੰਦਰ ਮਸੀਹ ਨੇ ਦੱਸਿਆ ਕਿ ਜਿਥੇ ਉਸਦੀ ਪਤਨੀ ਵੀ ਉਸ ਨਾਲ ਮਿਹਨਤ ਕਰਦੀ ਹੈ ਅਤੇ ਉਹ ਘਰ ਦੇ ਅਤੇ ਆਪਣੇ ਬੱਚਿਆਂ ਦੀ ਵੀ ਜਿੰਮੇਵਾਰੀ ਵਧੀਆ ਢੰਗ ਨਾਲ ਨਿਭਾ ਰਹੀ ਹੈ। ਜਿੰਦਰ ਨੇ ਦੱਸਿਆ ਕਿ ਉਹ ਡਰਾਈਵਰ ਦੇ ਨਾਲ ਟੇਲਰ ਦਾ ਵੀ ਕੰਮ ਕਰਦਾ ਹੈ। ਉਥੇ ਹੀ ਪੂਨਮ ਦਾ ਕਹਿਣਾ ਸੀ ਕਿ ਅੱਜ ਔਰਤਾਂ ਕਿਸੇ ਵੀ ਕੰਮ ‘ਚ ਪਿੱਛੇ ਨਹੀਂ ਹਨ ਅਤੇ ਮਹਿਜ ਸੋਚ ਬਦਲਣ ਦੀ ਲੋੜ ਹੈ।