ਅੰਮ੍ਰਿਤਸਰ | ਤਿਹਾੜ ਜੇਲ ‘ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਪੁਲਿਸ ਲਾਈਨ ਨੇੜੇ ਰਹਿੰਦੇ ਇਕ ਡਾਕਟਰ ਤੋਂ 1 ਕਰੋੜ ਦੀ ਫਿਰੌਤੀ ਮੰਗੀ ਹੈ।
ਗੈਂਗਸਟਰ ਨੇ ਫੋਨ ਕਰਕੇ ਡਾਕਟਰ ਤੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਰਕਮ ਦੱਸੀ ਗਈ ਜਗ੍ਹਾ ਅਤੇ ਸਮੇਂ ‘ਤੇ ਨਾ ਦਿੱਤੀ ਗਈ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ।
ਲਗਾਤਾਰ 4 ਵਾਰ ਆਏ ਫੋਨ ਕਾਰਨ ਡਾਕਟਰ ਤੇ ਉਸ ਦਾ ਪਰਿਵਾਰ ਕਾਫੀ ਖ਼ੌਫ ‘ਚ ਹੈ। ਦੱਸਿਆ ਜਾ ਰਿਹਾ ਹੈ ਕਿ ਡਾਕਟਰ ਨੇ ਆਪਣੇ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ।
ਕਿਸੇ ਤਰ੍ਹਾਂ ਕਰੀਬੀਆਂ ਤੇ ਰਿਸ਼ਤੇਦਾਰਾਂ ਦੇ ਕਹਿਣ ‘ਤੇ ਡਾਕਟਰ ਨੇ ਹਿੰਮਤ ਕਰਦਿਆਂ ਸਿਵਲ ਲਾਈਨ ਥਾਣਾ ਤੇ ਲਾਰੈਂਸ ਰੋਡ ਪੁਲਿਸ ਚੌਕੀ ‘ਚ ਇਸ ਬਾਰੇ ਸ਼ਿਕਾਇਤ ਕੀਤੀ।
ਹਾਲਾਂਕਿ ਸਿਵਲ ਲਾਈਨ ਥਾਣੇ ਦੇ ਇੰਚਾਰਜ ਇੰਸਪੈਕਟਰ ਸ਼ਿਵ ਦਰਸ਼ਨ ਨੇ ਘਟਨਾ ਤੋਂ ਸਾਫ਼ ਇਨਕਾਰ ਕੀਤਾ ਹੈ ਪਰ ਇਕ ਵੱਡੇ ਅਫਸਰ ਨੇ ਜੱਗੂ ਵੱਲੋਂ ਡਾਕਟਰ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਪੁਸ਼ਟੀ ਵੀ ਕੀਤੀ ਹੈ।
ਜਾਣਕਾਰੀ ਮੁਤਾਬਕ ਲਾਰੈਂਸ ਰੋਡ ਸਥਿਤ ਪੁਲਿਸ ਲਾਈਨ ਨੇੜੇ ਰਹਿਣ ਵਾਲੇ ਇਕ ਡਾਕਟਰ ਨੂੰ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਤਿਹਾੜ ਜੇਲ ‘ਚ ਬੰਦ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ।
ਇਹੀ ਨਹੀਂ, ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਉਹ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਕਿਉਂਕਿ ਉਸ (ਜੱਗੂ) ਦੇ ਕਈ ਗੁਰਗੇ ਖੁੱਲ੍ਹੇਆਮ ਘੁੰਮ ਰਹੇ ਹਨ।
ਘਟਨਾ ਤੋਂ ਬਾਅਦ ਤੋਂ ਡਾਕਟਰ ਤੇ ਉਸ ਦਾ ਪਰਿਵਾਰ ਵਾਲੇ ਕਾਫੀ ਦਹਿਸ਼ਤ ‘ਚ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।