ਚੰਡੀਗੜ੍ਹ, 12 ਨਵੰਬਰ | ਮੋਹਾਲੀ ‘ਚ ਸਾਈਬਰ ਠੱਗਾਂ ਨੇ 83 ਸਾਲਾ ਬਜ਼ੁਰਗ ਨਾਲ 85 ਲੱਖ ਰੁਪਏ ਦੀ ਠੱਗੀ ਮਾਰੀ ਹੈ। ਮੁਲਜ਼ਮਾਂ ਨੇ ਕਸਟਮਜ਼ ਅਤੇ ਸੀਬੀਆਈ ਅਫ਼ਸਰ ਬਣ ਕੇ ਬਜ਼ੁਰਗ ਨੂੰ ਆਪਣੀ ਜਾਨ ਬਚਾਉਣ ਲਈ ਉਨ੍ਹਾਂ ਵੱਲੋਂ ਦਿੱਤੇ ਖਾਤੇ ਵਿਚ ਪੈਸੇ ਟਰਾਂਸਫਰ ਕਰਨ ਦੀ ਧਮਕੀ ਦਿੱਤੀ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਨਿਰਵੈਰ ਸਿੰਘ ਨੇ ਦੱਸਿਆ ਕਿ ਉਸ ਨੂੰ ਇਕ ਕਾਲ ਆਈ, ਜਿਸ ‘ਚ ਕਾਲ ਕਰਨ ਵਾਲੇ ਨੇ ਖੁਦ ਨੂੰ ਮੁੰਬਈ ਏਅਰਪੋਰਟ ਦੇ ਕਸਟਮ ਵਿਭਾਗ ਦਾ ਅਧਿਕਾਰੀ ਦੱਸਿਆ। ਮੁਲਜ਼ਮ ਨੇ ਦੱਸਿਆ ਕਿ ਉਸ ਦੇ ਨਾਂ ’ਤੇ ਇੱਕ ਪਾਰਸਲ ਮਿਲਿਆ ਹੈ, ਜਿਸ ਵਿਚ 10-15 ਪਾਸਪੋਰਟ ਅਤੇ ਨਾਜਾਇਜ਼ ਦਸਤਾਵੇਜ਼ ਹਨ। ਨਿਰਵੈਰ ਸਿੰਘ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਦਾ ਮੁੰਬਈ ਨਾਲ ਕੋਈ ਸਬੰਧ ਸੀ ਜਾਂ ਉਸ ਨੇ ਕੋਈ ਪਾਰਸਲ ਭੇਜਿਆ ਸੀ। ਇਸ ਦੇ ਬਾਵਜੂਦ ਮੁਲਜ਼ਮ ਨੇ ਕਿਹਾ ਕਿ ਪਾਰਸਲ ’ਤੇ ਉਸ ਦਾ ਆਧਾਰ ਨੰਬਰ ਲਿਖਿਆ ਹੋਇਆ ਸੀ, ਜਿਸ ਕਾਰਨ ਉਹ ਹੋਰ ਡਰ ਗਿਆ।
ਇਸ ਤੋਂ ਬਾਅਦ ਮੁਲਜ਼ਮ ਨੇ ਇਹ ਕਾਲ ਸੁਨੀਲ ਕੁਮਾਰ ਨਾਂ ਦੇ ਨੌਜਵਾਨ ਨੂੰ ਟਰਾਂਸਫਰ ਕਰ ਦਿੱਤੀ, ਜਿਸ ਨੇ ਆਪਣੇ ਆਪ ਨੂੰ ਸੀਬੀਆਈ ਦਾ ਸੀਨੀਅਰ ਅਧਿਕਾਰੀ ਦੱਸਦਿਆਂ ਵਟਸਐਪ ’ਤੇ ਵੀਡੀਓ ਕਾਲ ਕੀਤੀ। ਵੀਡੀਓ ਕਾਲ ‘ਤੇ ਸੁਨੀਲ ਨੇ ਕਿਹਾ ਕਿ ਇਹ ਬਹੁਤ ਵੱਡਾ ਅਪਰਾਧ ਹੈ ਅਤੇ ਜੇਕਰ ਉਹ ਇਸ ਬਾਰੇ ਆਪਣੇ ਪਰਿਵਾਰ ਨੂੰ ਦੱਸਦਾ ਹੈ ਤਾਂ ਉਸ ਨੂੰ 7 ਸਾਲ ਦੀ ਜੇਲ ਹੋ ਸਕਦੀ ਹੈ। ਫਿਰ ਉਸ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਨੋਟਿਸ ਵੀ ਵਟਸਐਪ ‘ਤੇ ਭੇਜਿਆ ਗਿਆ, ਜਿਸ ਕਾਰਨ ਨਿਰਵੈਰ ਸਿੰਘ ਹੋਰ ਡਰ ਗਿਆ।
ਧੋਖੇਬਾਜ਼ਾਂ ਨੇ ਉਸ ਨੂੰ ਬੈਂਕ ਖਾਤੇ ਦੀ ਜਾਂਚ ਦੇ ਨਾਂ ‘ਤੇ ਸਾਰੇ ਪੈਸੇ ਟਰਾਂਸਫਰ ਕਰਨ ਲਈ ਕਿਹਾ ਤਾਂ ਜੋ ਉਸ ਦੇ ਪੈਸੇ ਦੀ ਜਾਂਚ ਆਰ.ਬੀ.ਆਈ. ਦੁਆਰਾ ਹੋ ਸਕੇ। ਠੱਗਾਂ ਨੇ ਇੱਕ ਬੈਂਕ ਖਾਤੇ ਬਾਰੇ ਵੀ ਜਾਣਕਾਰੀ ਭੇਜੀ, ਜਿਸ ਵਿਚ ਨਿਰਵੈਰ ਸਿੰਘ ਨੇ 85 ਲੱਖ ਰੁਪਏ ਟਰਾਂਸਫਰ ਕੀਤੇ ਸਨ। ਪੈਸੇ ਭੇਜਣ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋਈ ਹੈ, ਜਿਸ ਤੋਂ ਬਾਅਦ ਉਸ ਨੇ ਮੁਹਾਲੀ ਸਾਈਬਰ ਕ੍ਰਾਈਮ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)