ਜਲੰਧਰ ‘ਚ ਅੱਜ 3 ਨਵੇਂ ਕੋਰੋਨਾ ਦੇ ਮਾਮਲੇ ਆਏ ਸਾਹਮਣੇ, 23 ਮਰੀਜ਼ਾਂ ਨੂੰ ਮਿਲੀ ਹਸਪਤਾਲ ਤੋਂ ਛੁੱਟੀ

0
7230

ਜਲੰਧਰ. ਬੀਤੇ ਦਿਨ ਤੋਂ ਕੋਰੋਨਾ ਟੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਵਧੀ ਹੈ ਜੋ ਕਿ ਚੰਗੀ ਖਬਰ ਹੈ। ਅੱਜ ਵੀ ਕੋਰੋਨਾ ਦੇ 23 ਮਰੀਜਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ, ਪਰ ਇਸਦੇ ਨਾਲ ਹੀ ਕੋੋਰਨਾ ਦੇ 3 ਨਵੇਂ ਮਾਮਲੇ ਸਾਹਮਣੇ ਆਉਣ ਦੀ ਖਬਰ ਹੈ।

ਸ਼ਨੀਵਾਰ ਨੂੰ ਸ਼ਹਿਰ ਵਿਚ ਕੋਰੋਨਾ ਵਾਇਰਸ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਕੇਸ ਬਸਤੀਆਤ ਦੇ ਈਸ਼ਵਰ ਨਗਰ, ਮਕਸੂਦਾਂ ਦੇ ਗ੍ਰੇਟਰ ਕੈਲਾਸ਼ ਅਤੇ ਇੱਕ ਭੋਗਪੁਰ ਤੋਂ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਇਕ 52 ਸਾਲਾਂ ਦੀ ਔਰਤ ਵੀ ਸ਼ਾਮਲ ਹੈ ਅਤੇ ਦੋ ਵਿਅਕਤੀ ਹਨ ਜਿਨ੍ਹਾਂ ਦੀ ਉਮਰ 24 ਤੋਂ 45 ਸਾਲ ਦੇ ਵਿਚਕਾਰ ਹੈ।

ਹੁਣ ਸ਼ਹਿਰ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 211 ਹੋ ਗਈ ਹੈ। ਇਹ ਈਸ਼ਵਰ ਨਗਰ ਅਤੇ ਗ੍ਰੇਟਰ ਕੈਲਾਸ਼ ਵਿੱਚ ਕੋਰੋਨਾ ਦੇ ਨਵੇਂ ਕੇਸ ਹਨ। ਇਨ੍ਹਾਂ ਮਰੀਜਾਂ ਨੂੰ ਕੋਰੋਨਾ ਕਿਵੇਂ ਹੋਇਆ ਜਾਂ ਕਿਸ ਦੇ ਸੰਪਰਕ ਵਿੱਚ ਆਏ ਸੀ, ਇਸ ਬਾਰੇ ਵਿਭਾਗ ਜਾਂਚ ਕਰ ਰਿਹਾ ਹੈ।

ਮਾਸਕ ਪਹਿਨਣਾ ਤੇ ਸੋਸ਼ਲ ਡਿਸਟੈਂਸ ਨੂੰ ਜੀਵਨ ਦਾ ਹਿੱਸਾ ਬਣਾਓ

ਪੰਜਾਬ ਵਿੱਚ ਜਿਆਦਾਤਰ ਕੇਸ ਉਹੀ ਲੋਕਾਂ ਦੇ ਸਾਹਮਣੇ ਆ ਰਹੇ ਹਨ ਜੋ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ ਸਨ। ਜੇਕਰ ਉਹ ਲੋਕ ਖੁਦ ਸਾਹਮਣੇ ਨਹੀਂ ਆਉਂਦੇ ਜੋ ਪਾਜੀਟਿਵ ਆਏ ਮਰੀਜਾਂ ਦੇ ਸੰਪਰਕ ਵਿਚ ਸਨ ਤਾਂ ਪ੍ਰਸ਼ਾਸਨ ਲਈ ਅਜਿਹੇ ਲੋਕਾਂ ਦਾ ਪਤਾ ਲਗਾਉਣਾ ਚੁਣੋਤੀ ਹੈ। ਇਸਦੇ ਨਾਲ ਹੀ ਇਸ ਬਿਮਾਰੀ ਦੇ ਹੋਰ ਤੇਜ਼ੀ ਨਾਲ ਫੈਲਣ ਦੇ ਆਸਾਰ ਵੱਧ ਜਾਣਗੇ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖੁਦ ਸਾਹਮਣੇ ਆਉਣ ਤੇ ਆਪਣੇ ਟੈਸਟ ਕਰਵਾਉਣ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਲੋਕਾਂ ਨੂੰ ਅਪੀਲ ਹੈ ਕਿ ਪ੍ਰਸ਼ਾਸਨ ਵਲੋਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਜ਼ਰੂਰ ਕਰੋ। ਮਾਸਕ ਪਹਿਨਣਾ ਤੇ ਸੋਸ਼ਲ ਡਿਸਟੈਂਸ ਦੀ ਪਾਲਣਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓ।