ਤਿੰਨ ਰੋਜ਼ਾ ਰਾਜ ਪੱਧਰੀ ਮਹਿਲਾ ਗੱਤਕਾ ਚੈਂਪੀਅਨਸ਼ਿਪ 2 ਤੋਂ

0
545

ਚੰਡੀਗੜ੍ਹ। ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਗੱਤਕਾ ਐਸੋਸੀਏਸ਼ਨ ਪੰਜਾਬ ਵੱਲੋਂ ਰਾਜ ਪੱਧਰੀ ਮਹਿਲਾ ਗੱਤਕਾ ਚੈਂਪੀਅਨਸ਼ਿਪ 2 ਦਸੰਬਰ ਤੋਂ 4 ਦਸੰਬਰ ਤੱਕ ਬਾਬਾ ਫਰੀਦ ਨਰਸਿੰਗ ਕਾਲਜ, ਕੋਟਕਪੂਰਾ ਵਿਖੇ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਫਰੀਦਕੋਟ ਦੇ ਸਹਿਯੋਗ ਸਦਕਾ ਕਰਵਾਈ ਜਾ ਰਹੀ ਹੈ, ਜਿਸ ਵਿੱਚ ਰਾਜ ਦੇ ਸਮੂਹ ਜਿਲ੍ਹਿਆਂ ਦੀਆਂ ਲੜਕੀਆਂ ਦੀਆਂ ਗੱਤਕਾ ਟੀਮਾਂ ਭਾਗ ਲੈਣਗੀਆਂ।

ਇਸ ਸੰਬੰਧੀ ਗੱਤਕਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰਬੀਰ ਸਿੰਘ ਦੁੱਗਲ ਤੇ ਜਨਰਲ ਸਕੱਤਰ ਤਲਵਿੰਦਰ ਸਿੰਘ ਫਿਰੋਜਪੁਰ ਨੇ ਦੱਸਿਆ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਹੋ ਰਹੇ ਇਸ ਗੱਤਕਾ ਟੂਰਨਾਮੈਂਟ ਦੌਰਾਨ ਅੰਡਰ 14, 17, 19, 22 ਤੇ 25 ਸਾਲਾਂ ਦੇ ਉਮਰ ਵਰਗ ਵਿਚ  ਭਿੜਨਗੀਆਂ। ਇਸ ਟੂਰਨਾਮੈਂਟ ‘ਚ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੀਆਂ ਟੀਮਾਂ ਨੂੰ ਮਨਜ਼ੂਰਸ਼ੁਦਾ ਗੱਤਕਾ ਕਿੱਟਾਂ ਆਪਣੇ ਨਾਲ ਲਿਆਉਣ ਲਈ ਕਿਹਾ ਗਿਆ ਹੈ।

ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਕੁਲਤਾਰ ਸਿੰਘ ਬਰਾੜ ਤੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਨ੍ਹਾਂ ਸਬ-ਜੂਨੀਅਰ, ਜੂਨੀਅਰ ਤੇ ਸੀਨੀਅਰ ਉਮਰ ਵਰਗਾਂ ਦੇ ਮੁਕਾਬਲਿਆਂ ਵਿੱਚ ਫਰੀ-ਸੋਟੀ ਅਤੇ ਸਿੰਗਲ ਸੋਟੀ ਵਰਗ ਵਿੱਚ ਟੀਮ ਅਤੇ ਵਿਅਕਤੀਗਤ ਈਵੈਂਟਾਂ ਦੇ ਮੁਕਾਬਲੇ ਹੋਣਗੇ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਖ-ਵੱਖ ਉਮਰ ਵਰਗਾਂ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚੋਂ ਜੇਤੂ ਟੀਮਾਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਝਾਰਖੰਡ ਵਿਖੇ ਦਸੰਬਰ ਮਹੀਨੇ ਲੜਕੀਆਂ ਦੀ ਕਰਵਾਈ ਜਾ ਰਹੀ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ਵਿੱਚ ਭਾਗ ਲੈਣਗੀਆਂ। ਇਸ ਤੋਂ ਇਲਾਵਾ ਭਾਰਤੀ ਖੇਡ ਮੰਤਰਾਲੇ ਵੱਲੋਂ ਮਾਂਡਲਾ (ਮੱਧ ਪ੍ਰਦੇਸ) ਵਿਖੇ ਜਨਵਰੀ ਮਹੀਨੇ ਕਰਵਾਈਆਂ ਜਾ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਵੀ ਪੰਜਾਬ ਰਾਜ ਦੀ ਪ੍ਰਤੀਨਿੱਧਤਾ ਕਰਨਗੀਆਂ।