ਅੰਮ੍ਰਿਤਸਰ | ਸਿੱਖ ਜਥੇਬੰਦੀ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਅਜਨਾਲਾ ਪੁਲਿਸ ਨੂੰ ਧਮਕੀ ਦੇਣ ਤੋਂ ਬਾਅਦ ਵੀਰਵਾਰ ਨੂੰ ਅਜਨਾਲਾ ਥਾਣੇ ਦੇ ਬਾਹਰ ਅੰਮ੍ਰਿਤਪਾਲ ਦੇ ਹਜ਼ਾਰਾਂ ਸਮਰਥਕਾਂ ਨੇ ਤਲਵਾਰਾਂ ਅਤੇ ਬੰਦੂਕਾਂ ਨਾਲ ਹੰਗਾਮਾ ਕੀਤਾ। ਅੰਮ੍ਰਿਤਪਾਲ ਦੇ ਸਮਰਥਕਾਂ ਨੇ ਪੁਲਿਸ ਬੈਰੀਕੇਡ ਤੋੜ ਕੇ ਥਾਣੇ ’ਤੇ ਕਬਜ਼ਾ ਕਰ ਲਿਆ। ਅੰਮ੍ਰਿਤਪਾਲ ਵੀ ਮੌਕੇ ’ਤੇ ਪਹੁੰਚ ਗਏ ਹਨ। ਇਹ ਹੰਗਾਮਾ ਅੰਮ੍ਰਿਤਪਾਲ ਦੇ ਕਰੀਬੀ ਲਵਪ੍ਰੀਤ ਤੂਫਾਨ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਕੀਤਾ ਗਿਆ।
ਦੂਜੇ ਪਾਸੇ ਅੰਮ੍ਰਿਤਸਰ ਵਿੱਚ ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਵੱਖ-ਵੱਖ ਰਸਤਿਆਂ ਤੋਂ ਥਾਣਾ ਅਜਨਾਲਾ ਨੂੰ ਜਾਣ ਵਾਲੀਆਂ ਥਾਵਾਂ ‘ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ | ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ ਤਾਂ ਜੋ ਅੰਮ੍ਰਿਤਪਾਲ ਦੇ ਸਮਰਥਕ ਵੱਡੀ ਗਿਣਤੀ ਵਿੱਚ ਅਜਨਾਲਾ ਥਾਣੇ ਦੇ ਬਾਹਰ ਨਾ ਪੁੱਜ ਸਕਣ ਪਰ ਪੁਲਿਸ ਦੇ ਸਾਰੇ ਪ੍ਰਬੰਧ ਨਾਕਾਫ਼ੀ ਸਾਬਤ ਹੋਏ।
ਅੰਮ੍ਰਿਤਪਾਲ ਸਿੰਘ ਦੇ ਕੁਝ ਸਮਰਥਕ ਸਵੇਰੇ ਅਜਨਾਲਾ ਥਾਣੇ ਦੇ ਬਾਹਰ ਪੁੱਜੇ, ਜਿੱਥੇ ਪਹਿਲਾਂ ਤੋਂ ਤਾਇਨਾਤ ਪੁਲਿਸ ਫੋਰਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਬਾਅਦ ਵਿੱਚ ਜਦੋਂ ਅੰਮ੍ਰਿਤਸਰ ਦੇਹਾਤ ਦੇ ਐਸਐਸਪੀ ਮੌਕੇ ’ਤੇ ਪੁੱਜੇ ਤਾਂ ਹਿਰਾਸਤ ਵਿੱਚ ਲਏ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਅਜਨਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤਣਾਅ ਦਾ ਮਾਹੌਲ ਬਣ ਗਿਆ। ਅੰਮ੍ਰਿਤਪਾਲ ਸਿੰਘ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਬੁੱਧਵਾਰ ਸ਼ਾਮ ਤੱਕ ਉਸ ਅਤੇ ਉਸ ਦੇ ਸਾਥੀਆਂ ਵਿਰੁੱਧ ਦਰਜ ਐੱਫਆਈਆਰ ਰੱਦ ਨਾ ਕੀਤੀ ਗਈ ਤਾਂ ਉਹ ਆਪਣੇ ਸਮਰਥਕਾਂ ਸਮੇਤ ਥਾਣਾ ਅਜਨਾਲਾ ਦਾ ਘਿਰਾਓ ਕਰਨ ਲਈ ਪੁੱਜਣਗੇ।








































