ਭੋਲੇ-ਭਾਲੇ ਲੋਕਾਂ ਨੂੰ ਲੁੱਟਦੀ ਸੀ ਇਹ ਲੁਟੇਰੀ ਲਾੜੀ, ਇੰਝ ਹੋਇਆ ਗਿਰੋਹ ਦਾ ਪਰਦਾਫਾਸ਼

0
865

ਪਟਿਆਲਾ | ਥਾਣਾ ਸਦਰ ਦੀ ਪਟਿਆਲਾ ਪੁਲਿਸ ਨੇ ਨਕਲੀ ਵਿਆਹ ਕਰਕੇ ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ‘ਚ ਪੁਲਿਸ ਨੇ 2 ਔਰਤਾਂ ਤੇ 2 ਪੁਰਸ਼ਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

SHO ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਗੀਤਾ ਰਾਣੀ, ਵਿਜੇ ਕੁਮਾਰ, ਰਣਬੀਰ ਸਿੰਘ ਤੇ ਹਰਪ੍ਰੀਤ ਕੌਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੀਤਾ ਰਾਣੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਹੋਰ ਲੋਕਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

SHO ਨੇ ਦੱਸਿਆ ਕਿ ਮਾਮਲੇ ‘ਚ ਕਮਲਾ ਦੇਵੀ ਪਤਨੀ ਜੀਤ ਸਿੰਘ ਨੇ ਹਰਿਆਣਾ ‘ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀਆਂ ਨੇ ਮਿਲ ਕੇ ਉਸ ਦੇ ਪੁੱਤਰ ਦੇਵ ਸਿੰਘ ਦਾ ਰਿਸ਼ਤਾ ਹਰਪ੍ਰੀਤ ਕੌਰ ਨਾਲ ਕਰਵਾਇਆ ਸੀ ਤੇ ਉਨ੍ਹਾਂ ਕੋਲੋਂ 3 ਲੱਖ ਰੁਪਏ ਲੈ ਲਏ ਗਏ।

28 ਅਪ੍ਰੈਲ 2020 ਨੂੰ ਹਰਪ੍ਰੀਤ ਕੌਰ ਨੂੰ ਉਨ੍ਹਾਂ ਨਾਲ ਭੇਜ ਦਿੱਤਾ ਪਰ ਕੋਰੋਨਾ ਦਾ ਬਹਾਨਾ ਲਾ ਕੇ ਵਿਆਹ ਨਹੀਂ ਕੀਤਾ। 15 ਦਿਨਾਂ ਬਾਅਦ ਹਰਪ੍ਰੀਤ ਕੌਰ ਝਗੜਾ ਕਰਕੇ ਘਰੋਂ 15 ਹਜ਼ਾਰ ਰੁਪਏ, ਸੋਨੇ ਤੇ ਚਾਂਦੀ ਦੇ ਗਹਿਣੇ ਲੈ ਕੇ ਭੱਜ ਗਈ। ਇਨ੍ਹਾਂ ਨੂੰ ਬਾਅਦ ‘ਚ ਪਤਾ ਲੱਗਾ ਕਿ ਉਕਤ ਵਿਅਕਤੀਆਂ ਦਾ ਇਕ ਗਿਰੋਹ ਹੈ, ਜੋ ਭੋਲੇ-ਭਾਲੇ ਲੋਕਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ।

ਕੁੜੀ ਆਪਣੇ ਸਹੁਰਾ ਪੱਖ ਤੋਂ ਪੈਸੇ ਲੈ ਕੇ ਫਰਾਰ ਹੋ ਜਾਂਦੀ ਹੈ ਤੇ ਝੂਠਾ ਕੇਸ ਪਾਉਣ ਦੀ ਧਮਕੀ ਦਿੰਦੀ ਹੈ। ਪੁਲਿਸ ਨੇ ਦੱਸਿਆ ਕਿ ਪੂਰੇ ਗਿਰੋਹ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)