ਮੈਰਿਜ ਪੈਲੇਸ ‘ਚੋਂ ਲਾੜੇ ਦੇ ਪਰਿਵਾਰ ਦਾ ਗਹਿਣਿਆਂ ਤੇ ਪੈਸਿਆਂ ਵਾਲਾ ਬੈਗ ਲੈ ਗਏ ਚੋਰ, ਲੱਖਾਂ ਦਾ ਨੁਕਸਾਨ

0
1563

ਫ਼ਤਿਹਗੜ੍ਹ ਸਾਹਿਬ | ਇਕ ਮੈਰਿਜ ਪੈਲੇਸ ‘ਚ ਵਿਆਹ ਸਮਾਗਮ ਦੌਰਾਨ ਲਾੜੇ ਦੇ ਪਰਿਵਾਰ ਦੇ ਗਹਿਣੇ ਤੇ ਨਕਦੀ ਵਾਲਾ ਬੈਗ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਏਐੱਸਆਈ ਮਨਜੀਤ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਚੰਡੀਗੜ੍ਹ ਵਾਸੀ ਰੀਟਾ ਰਾਣੀ ਨੇ ਦੱਸਿਆ ਕਿ ਉਸ ਦੇ ਲੜਕੇ ਮਨੀਸ਼ ਦਾ ਵਿਆਹ 27 ਜਨਵਰੀ ਨੂੰ ਹੋਇਆ ਸੀ।

ਪ੍ਰੋਗਰਾਮ ਤੋਂ ਬਾਅਦ ਜਦੋਂ ਉਹ ਬੈਗ ਲੈਣ ਆਈ ਤਾਂ ਬੈਗ ਚੋਰੀ ਹੋ ਚੁੱਕਾ ਸੀ। ਬਾਅਦ ਵਿਚ ਜਦੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਸ ਦਾ ਬੈਗ 15-17 ਸਾਲ ਦੀ ਇਕ ਅਣਪਛਾਤੀ ਲੜਕੀ ਲੈ ਕੇ ਚਲੀ ਗਈ ਸੀ, ਜਿਸ ਨਾਲ ਇਕ ਨੌਜਵਾਨ ਵੀ ਸੀ। ਪੁਲਿਸ ਨੇ ਰੀਟਾ ਰਾਣੀ ਦੀ ਸ਼ਿਕਾਇਤ ‘ਤੇ ਅਣਪਛਾਤੀ ਲੜਕੀ ਤੇ ਲੜਕੇ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੁਪਹਿਰ ਢਾਈ ਵਜੇ ਜਦੋਂ ਵਿਆਹ ਸਮਾਗਮ ਦੌਰਾਨ ਹਾਰ ਪਹਿਨਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਸੀ, ਉਦੋਂ ਹੀ ਉਸ ਕੋਲ ਉਹ ਬੈਗ ਸੀ ਜੋ ਉਸ ਨੇ ਸਟੇਜ ‘ਤੇ ਰੱਖਿਆ ਸੀ। ਬੈਗ ਵਿਚ ਮੰਗਲਸੂਤਰ, ਸੋਨੇ ਦੀ ਚੇਨ ਅਤੇ ਕਰੀਬ 7 ਲੱਖ ਰੁਪਏ ਦੇ ਹੋਰ ਗਹਿਣੇ, 1.50 ਲੱਖ ਤੋਂ ਵੱਧ ਨਕਦੀ ਤੇ ਆਈਫੋਨ ਸੀ।