ਗੁਰਦਾਸਪੁਰ (ਜਸਵਿੰਦਰ ਬੇਦੀ) | ਲੋਕਾਂ ਦੇ ਘਰਾਂ ‘ਚੋਂ ਵਧਾਈਆਂ ਮੰਗ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਖੁਸਰਿਆਂ ਦੇ ਘਰ ਚੋਰਾਂ ਨੇ ਹੱਲਾ ਬੋਲ ਦਿੱਤਾ। ਚੋਰਾਂ ਨੇ ਖੁਸਰਿਆਂ ਦੇ ਮਹੰਤ ਦੇ ਘਰ ਚੋਰੀ ਕਰਕੇ 7 ਲੱਖ ਰੁਪਏ ਨਗਦ ਅਤੇ 7 ਤੋਲੇ ਸੋਨਾ ਕਰ ਲਿਆ।
ਇਹ ਮਾਮਲਾ ਜ਼ਿਲਾ ਗੁਰਦਾਸਪੁਰ ਦੇ ਪੁਲਿਸ ਥਾਣਾ ਭੈਣੀ ਮੀਆਂ ਖਾਂ ਦੇ ਬਿਲਕੁਲ ਸਾਹਮਣੇ ਖੁਸਰਿਆਂ ਦੇ ਮਹੰਤਾਂ ਦੇ ਘਰ ਦਾ ਹੈ, ਜਿਥੇ ਦਿਨ-ਦਿਹਾੜੇ ਹੋਈ ਚੋਰੀ ਕਾਰਨ ਪਿੰਡ ਭੈਣੀ ਮੀਆਂ ਖਾਂ ਦੇ ਇਲਾਕੇ ਵਿੱਚ ਸਨਸਨੀ ਫੈਲ ਗਈ। ਚੋਰਾਂ ਨੇ ਘਰ ‘ਚ ਉਸ ਸਮੇਂ ਚੋਰੀ ਕੀਤੀ, ਜਦੋਂ ਘਰ ਦੀ ਮੁਖੀ ਮਹੰਤ ਸੋਨੀਆ ਆਪਣੇ ਸਾਥੀਆਂ ਸਮੇਤ ਪਿੰਡਾਂ ਵਿਚ ਵਧਾਈਆਂ ਲੈਣ ਗਈ ਹੋਏ ਸੀ।। ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਹੰਤ ਸੋਨੀਆ ਨੇ ਦੱਸਿਆ ਕਿ ਉਹ ਪਿਛਲੇ 15-20 ਸਾਲਾਂ ਤੋਂ ਆਪਣਾ ਪੱਕਾ ਘਰ ਬਣਾ ਕੇ ਭੈਣੀ ਮੀਆਂ ਖਾਂ ਵਿੱਚ ਆਪਣੇ ਸਾਥੀਆਂ ਸਮੇਤ ਰਹਿ ਰਹੀ ਹੈ। ਉਹ ਆਪਣੇ ਗਰੁੱਪ ਨਾਲ ਪਿੰਡਾਂ ਵਿੱਚ ਵਧਾਈਆਂ ਲੈਣ ਚਲੇ ਗਏ, ਜਦੋਂ ਉਹ 2 ਵਜੇ ਦੁਪਹਿਰ ਨੂੰ ਘਰ ਪਰਤੇ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਬਾਹਰਲੇ ਗੇਟ ਦਾ ਜਿੰਦਰਾ ਟੁੱਟਾ ਪਿਆ ਸੀ ਅਤੇ ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਉਨ੍ਹਾਂ ਦੀ ਅਲਮਾਰੀ ਅਤੇ ਉਸ ਦੇ ਅੰਦਰ ਬਣੀ ਸੇਫ਼ ਵੀ ਟੁੱਟੀ ਪਈ ਸੀ।
ਸੋਨੀਆ ਨੇ ਦੱਸਿਆ ਕਿ ਉਸ ਦੇ ਭਤੀਜੇ ਦਾ ਵਿਆਹ ਸੀ, ਜਿਸ ਕਰਕੇ ਉਨ੍ਹਾਂ ਦੇ ਘਰ ‘ਚ 7 ਲੱਖ ਨਗਦ ਅਤੇ 7 ਤੋਲੇ ਸੋਨੇ ਦੇ ਗਹਿਣੇ ਜੋੜ ਕੇ ਰੱਖੇ ਸੀ। ਦਿਨ-ਦਿਹਾੜੇ ਹੋਈ ਇਸ ਵਾਰਦਾਤ ਨਾਲ ਉਹ ਕੱਖੋਂ ਹੌਲੇ ਹੋ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਨੂੰ ਦੇ ਦਿੱਤੀ ਗਈ ਸੀ, ਜਿਸ ਉਪਰੰਤ ਘਰ ਪੁੱਜੀ ਪੁਲਸ ਪਾਰਟੀ ਨੇ ਉਨ੍ਹਾਂ ਦੇ ਘਰ ਦੇ ਹਾਲਾਤ ਦਾ ਜਾਇਜ਼ਾ ਲਿਆ।
ਉਨ੍ਹਾਂ ਦੱਸਿਆ ਕਿ ਭੈਣੀ ਮੀਆਂ ਖਾਂ ਅਤੇ ਹੋਰ ਨੇੜਲੇ ਪਿੰਡਾਂ ਵਿੱਚ ਵੀ ਪਹਿਲਾਂ ਵੀ ਦਿਨ ਦੇ ਵਕਤ ਵੱਡੀਆਂ ਚੋਰੀਆਂ ਹੋ ਚੁੱਕੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਸੁੱਤਾ ਹੋਇਆ ਹੈ।
ਥਾਣਾ ਭੈਣੀ ਮੀਆਂ ਖਾਨ ਦੇ ਐੱਸਐੱਚਓ ਸੁਦੇਸ਼ ਕੁਮਾਰ ਨੇ ਦੱਸਿਆ ਕਿ ਖੁਸਰਿਆਂ ਦੇ ਮਹੰਤ ਦੇ ਘਰ ਚੋਰੀ ਹੋਣ ਦੀ ਸੂਚਨਾ ਮਿਲੀ ਸੀ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਤਫਤੀਸ਼ ਵਿੱਚ ਜੋ ਸਾਹਮਣੇ ਆਏਗਾ, ਉਸ ਦੇ ਹਿਸਾਬ ਨਾਲ ਅਗਲੀ ਕਾਰਵਾਈ ਕਰਦੇ ਹੋਏ ਚੋਰਾਂ ਨੂੰ ਜਲਦ ਕਾਬੂ ਕੀਤਾ ਜਵੇਗਾ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)