ਜਲੰਧਰ ‘ਚ ਚੋਰਾਂ ਨੂੰ ਬਿਲਕੁਲ ਨਹੀਂ ਪੁਲਿਸ ਦਾ ਖੌਫ, ਥਾਣੇ ਤੋਂ ਸਿਰਫ 200 ਮੀਟਰ ਦੂਰ ਸਥਿਤ ਦੁਕਾਨ ‘ਚੋਂ 7 ਮਿੰਟ ‘ਚ ਲੱਖਾਂ ਦੀ ਚੋਰੀ

0
566

ਜਲੰਧਰ, 20 ਫਰਵਰੀ| ਥਾਣਾ ਨੰਬਰ 3 ਅਧੀਨ ਪੈਂਦੇ ਮਿਲਾਪ ਰੋਡ ‘ਤੇ ਸਥਿਤ ਇਲੈਕਟ੍ਰਿਕ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਇਸ ਦੌਰਾਨ ਚੋਰ ਦੁਕਾਨ ਵਿੱਚੋਂ ਲੱਖਾਂ ਦਾ ਸਾਮਾਨ ਲੈ ਕੇ ਫ਼ਰਾਰ ਹੋ ਗਏ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਊਸ਼ਾ ਪੈਲੇਸ ਦੀ ਦੁਕਾਨ ਦੇ ਮਾਲਕ ਅਭਿਨਵ ਗੁਪਤਾ ਨੇ ਦੱਸਿਆ ਕਿ ਚੋਰ ਦੁਕਾਨ ‘ਚੋਂ 3.25 ਲੱਖ ਰੁਪਏ ਦਾ ਸਾਮਾਨ ਲੈ ਕੇ ਫਰਾਰ ਹੋ ਗਏ। ਅਭਿਨਵ ਨੇ ਦੱਸਿਆ ਕਿ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਰਿਹਾ ਹੈ ਕਿ ਚੋਰ ਸਵੇਰੇ 4.33 ਵਜੇ ਦੁਕਾਨ ਵਿੱਚ ਦਾਖਲ ਹੋਏ ਅਤੇ 4.40 ਵਜੇ ਨਕਦੀ ਲੈ ਕੇ ਫਰਾਰ ਹੋ ਗਏ।

ਪੀੜਤ ਨੇ ਘਟਨਾ ਦੀ ਸੂਚਨਾ ਥਾਣਾ 3 ਦੀ ਪੁਲਿਸ ਨੂੰ ਦਿੱਤੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਦੁਕਾਨ ‘ਤੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ, ਉਹ ਥਾਣਾ ਨੰਬਰ 3 ਤੋਂ 200 ਮੀਟਰ ਦੀ ਦੂਰੀ ‘ਤੇ ਹੈ। ਲੁਟੇਰੇ ਸਵਿਫਟ ਕਾਰ ‘ਚ ਆਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। 7 ਮਿੰਟਾਂ ਦੇ ਅੰਦਰ ਹੀ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਦੁਬਾਰਾ ਦੁਕਾਨ ਤੋਂ ਨਕਦੀ ਲੈ ਗਏ। ਇਸ ਦੌਰਾਨ ਉਹ ਦੁਕਾਨ ਦਾ ਤਾਲਾ ਵੀ ਆਪਣੇ ਨਾਲ ਲੈ ਗਏ। ਦੱਸਿਆ ਜਾ ਰਿਹਾ ਹੈ ਕਿ ਉਕਤ ਚੋਰ ਪਹਿਲਾਂ ਵੀ 2 ਤੋਂ 3 ਵਾਰਦਾਤਾਂ ਕਰ ਚੁੱਕੇ ਹਨ।