ਲੁਧਿਆਣਾ, 14 ਜਨਵਰੀ | ਇਥੇ 2 ਚੋਰ ਦੁਕਾਨ ਦਾ ਪਿਛਲਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ। ਇਸ ਤੋਂ ਬਾਅਦ ਉਹ ਕਰੀਬ 45 ਮਿੰਟ ਅੰਦਰ ਅੰਦਰ ਰਹੇ ਅਤੇ 5 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਇਹ ਘਟਨਾ ਬੀਤੀ ਰਾਤ ਟਿੱਬਾ ਰੋਡ ’ਤੇ ਸਿੰਗਲ ਟਰੇਡਰਜ਼ ਨੇੜੇ ਗਊਆਂ ਦੇ ਕੋਲ ਵਾਪਰੀ। ਦੁਕਾਨਦਾਰ ਅਭਿਸ਼ੇਕ ਸਿੰਗਲਾ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਕਰੀਬ 6 ਵਜੇ ਦੁਕਾਨ ‘ਤੇ ਪਹੁੰਚਿਆ ਅਤੇ ਸ਼ਟਰ ਖੋਲ੍ਹਿਆ ਤਾਂ ਅੰਦਰ ਪਿਆ ਸਾਮਾਨ ਖਿਲਰਿਆ ਪਿਆ ਸੀ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਗੱਡੀ ‘ਚ ਰੱਖੀ 5 ਲੱਖ ਰੁਪਏ ਤੋਂ ਵੱਧ ਦੀ ਨਕਦੀ ਗਾਇਬ ਸੀ।
ਸੀਸੀਟੀਵੀ ਫੁਟੇਜ ਦੀ ਜਾਂਚ ਵਿਚ ਸਾਹਮਣੇ ਆਇਆ ਕਿ 2 ਨੌਜਵਾਨ ਕਰੀਬ 1:45 ਵਜੇ ਦੁਕਾਨ ਵਿਚ ਦਾਖਲ ਹੋਏ ਅਤੇ 45 ਮਿੰਟ ਤੱਕ ਅੰਦਰ ਰਹੇ। ਹੈਰਾਨੀ ਦੀ ਗੱਲ ਇਹ ਹੈ ਕਿ ਚੋਰਾਂ ਨੇ ਸਿਰਫ਼ ਨਕਦੀ ਨੂੰ ਹੀ ਹੱਥ ਪਾਇਆ ਅਤੇ ਦੁਕਾਨ ਵਿਚ ਪਈ ਹੋਰ ਕਿਸੇ ਵਸਤੂ ਨੂੰ ਹੱਥ ਨਹੀਂ ਲਾਇਆ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਟਿੱਬਾ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਸੀਸੀਟੀਵੀ ਵਿਚ ਕੈਦ ਘਟਨਾ ਤੋਂ ਚੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਘਟਨਾ ਚੋਰਾਂ ਦੇ ਵਧਦੇ ਹੌਂਸਲੇ ਨੂੰ ਦਰਸਾਉਂਦੀ ਹੈ, ਜਿਨ੍ਹਾਂ ਨੇ ਇੰਨਾ ਸਮਾਂ ਦੁਕਾਨ ‘ਚ ਰਹਿ ਕੇ ਵਾਰਦਾਤ ਨੂੰ ਅੰਜਾਮ ਦਿੱਤਾ।