ਜਿਮ ‘ਚ ਆਉਣ ਵਾਲੇ ਨੌਜਵਾਨਾਂ ਨੂੰ ਬਣਾ’ਤਾ ਸਿਰੇ ਦੇ ਨਸ਼ੇੜੀ, ਪਹਿਲਾਂ ਫ੍ਰੀ ‘ਚ ਕਰਵਾਇਆ ਨਸ਼ਾ, ਫਿਰ ਵੇਚਣਾ ਸ਼ੁਰੂ ਕੀਤਾ

0
1103

ਜਲੰਧਰ/ਹੁਸ਼ਿਆਰਪੁਰ/ਅੰਮ੍ਰਿਤਸਰ/ਤਰਨਤਾਰਨ। ਐਸਟੀਐਫ ਵਲੋਂ ਫੜੇ ਗਏ ਜਿਮ ਸੰਚਾਲਕ ਸੁਖਦੇਵ ਸਿੰਘ ਸੁੱਖਾ ਤੇ ਕਿਸਾਨ ਲਵਪ੍ਰੀਤ ਸਿੰਘ ਰਾਜੂ ਨੂੰ 3 ਦਿਨ ਦਾ ਰਿਮਾਂਡ ਖਤਮ ਹੋਣ ਉਤੇ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਦੋਵਾਂ ਵਲੋਂ ਪੁੱਛਗਿਛ ਵਿਚ ਚਿੱਟੇ ਦੇ ਨੈਟਵਰਕ ਨੂੰ ਲੈ ਕੇ ਐਸਟੀਐਫ ਨੂੰ ਅਹਿਮ ਜਾਣਕਾਰੀ ਮਿਲੀ ਹੈ। ਹੁਣ ਐਸਟੀਐਫ ਚਿੱਟਾ ਨੈਟਵਰਕ ਨੂੰ ਬ੍ਰੇਕ ਕਰਨ ਲਈ ਅੰਮ੍ਰਿਤਸਰ ਤੇ ਤਰਨਤਾਰਨ ਵਿਚ ਜਾਂਚ ਕਰ ਰਹੀ ਹੈ। ਸੂਤਰ ਦੱਸਦੇ ਹਨ ਕਿ ਜਿਮ ਮਾਲਕ ਸੁੱਖਾ ਨੇ ਮੰਨਿਆ ਕਿ ਲੱਗਭਗ 6 ਮਹੀਨੇ ਪਹਿਲਾਂ ਉਸਨੇ ਚਿੱਟਾ ਵੇਚਣਾ ਸ਼ੁਰੂ ਕੀਤਾ ਸੀ। ਲਵਪ੍ਰੀਤ ਉਸਨੂੰ ਸਪਲਾਈ ਦੇ ਕੇ ਜਾਂਦਾ ਸੀ। ਸੁੱਖਾ ਨੇ ਮੰਨਿਆ ਕਿ ਉਸਨੇ ਧੰਦੇ ਨੂੰ ਵੱਡਾ ਕਰਨ ਲਈ ਉਸਦੇ ਜਿਮ ਵਿਚ ਆਉਣ ਵਾਲੇ ਪੰਜ ਨੌਜਵਾਨਾਂ ਨੂੰ ਨਸ਼ੇੜੀ ਬਣਾ ਦਿੱਤਾ ਸੀ।

ਸੁੱਖਾ ਨੇ ਮੰਨਿਆ ਕਿ ਉਸਨੇ ਜਿਮ ਵਿਚ ਆਉਣ ਵਾਲੇ 5 ਨੌਜਵਾਨਾਂ ਨੂੰ ਪਹਿਲਾਂ ਫ੍ਰੀ ਵਿਚ ਨਸ਼ਾ ਕਰਵਾਇਆ, ਜਦੋਂ ਉਹ ਆਦੀ ਹੋ ਗਏ ਤਾਂ ਉਨ੍ਹਾਂ ਨੂੰ ਚਿੱਟਾ ਵੇਚਣਾ ਸ਼ੁਰੂ ਕਰ ਦਿੱਤਾ। ਹੁਸ਼ਿਆਰਪੁਰ ਵਿਚ ਉਹ ਪ੍ਰਚੂਨ ਵਿਚ ਚਿੱਟਾ ਵੇਚਿਆ ਕਰਦਾ ਸੀ। ਐਸਟੀਐਫ ਨੇ ਉਹ 5 ਨਸ਼ੇੜੀ ਟ੍ਰੇਸ ਕਰ ਲਏ ਹਨ ਤਾਂ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਦੱਸਿਆ ਜਾ ਸਕੇ ਕਿ ਉਨ੍ਹਾਂ ਦੇ ਬੱਚੇ ਨਸ਼ਾ ਕਰਦੇ ਹਨ। ਐਸਟੀਐਫ ਜਲਦੀ ਹੀ ਉਨ੍ਹਾਂ ਦੀ ਫੈਮਿਲੀ ਨਾਲ ਮਿਲ ਕੇ ਉਨ੍ਹਾਂ ਦਾ ਟ੍ਰੀਟਮੈਂਟ ਕਰਵਾਉਣ ਲਈ ਕਹੇਗੀ।

ਉਥੇ ਹੀ ਲਵਪ੍ਰੀਤ ਸਿੰਘ ਨੇ ਮੰਨਿਆ ਕਿ ਉਸਦੇ ਤਾਰ ਅੰਮ੍ਰਿਤਸਰ ਤੇ ਤਰਨਤਾਰਨ ਦੇ ਚਿੱਟਾ ਮਾਫੀਆ ਨਾਲ ਹਨ। ਉਹ ਚਿੱਟਾ ਖਰੀਦ ਕੇ ਅੱਗੇ ਸੁੱਖਾ ਨੂੰ ਵੇਚ ਦਿੰਦਾ ਸੀ। ਦੱਸ ਦੇਈਏ ਕਿ 3 ਦਿਨ ਪਹਿਲਾਂ ਐਸਟੀਐਫ ਨੇ ਜਾਲ ਵਿਛਾ ਕੇ ਬਾਈਕ ਉਤੇ ਆ ਰਹੇ ਹੁਸ਼ਿਆਰਪੁਰ ਦੇ ਪਿੰਡ ਅਜੜਾਮ ਦੇ ਰਹਿਣ ਵਾਲੇ ਸੁਖਦੇਵ ਸੁੱਖਾ ਤੇ ਜੰਡਿਆਲਾ ਗੁਰੂ ਦੇ ਪਿੰਡ ਅਮਰਕੋਟ ਦੇ ਰਹਿਣ ਵਾਲੇ ਲਵਪ੍ਰੀਤ ਨੂੰ ਅਰੈਸਟ ਕਰਕੇ ਉਨ੍ਹਾਂ ਤੋਂ 450 ਗ੍ਰਾਮ ਚਿੱਟਾ ਬਰਾਮਦ ਕੀਤਾ ਸੀ। ਸੁੱਖਾ ਹੁਸ਼ਿਆਰਪੁਰ ਬੱਸ ਅੱਡੇ ਨੇੜੇ ਜਿੰਮ ਚਲਾਉਂਦਾ ਸੀ। ਸੁੱਖਾ ਦੀ ਭੂਆ ਲਵਪ੍ਰੀਤ ਦੇ ਪਿੰਡ ਵਿਆਹੀ ਹੈ ਤਾਂ ਉਸਦੀ ਦੋਸਤੀ ਲਵਪ੍ਰੀਤ ਨਾਲ ਹੋ ਗਈ ਸੀ। ਦੋਵੇਂ ਲਗਭਗ 6 ਮਹੀਨੇ ਤੋਂ ਇਕ ਦੂਜੇ ਦੇ ਟੱਚ ਵਿਚ ਸਨ ਤੇ ਚਿੱਟਾ ਵੇਚ ਰਹੇ ਸਨ।