ਪੰਜਾਬੀਆਂ ਦੀ ਵਿਦੇਸ਼ ਜਾਣ ਦੀ ਲਾਲਸਾ ਦਾ ਠੱਗ ਚੁੱਕ ਰਹੇ ਨੇ ਫਾਈਦਾ, ਨਵੇਂ-ਨਵੇਂ ਤਰੀਕਿਆਂ ਨਾਲ ਬਣਾ ਰਹੇ ਸ਼ਿਕਾਰ

0
703

ਚੰਡੀਗੜ੍ਹ| ਵਿਦੇਸ਼ ਜਾਣ ਦੇ ਨਾਂ ’ਤੇ ਪੰਜਾਬੀ ਕਿੰਨੇ ਕ੍ਰੇਜ਼ੀ ਹਨ, ਇਹ ਗੱਲ ਜੱਗ ਜ਼ਾਹਿਰ ਹੈ। ਹੁਣ ਹਰ ਨੌਜਵਾਨ ਕੈਨੇਡਾ ਜਾਂ ਆਸਟ੍ਰੇਲੀਆ ਜਾਣ ਦੀ ਲਾਲਸਾ ਰੱਖਦਾ ਹੈ। ਇਨ੍ਹਾਂ ਦੀ ਇਸੇ ਲਾਲਸਾ ਦਾ ਫਾਇਦਾ ਉਠਾਉਣ ਵਾਲੇ ਠੱਗਾਂ ਦੀ ਗਿਣਤੀ ਵੀ ਘੱਟ ਨਹੀਂ ਹੈ। ਇਨ੍ਹੀਂ ਦਿਨੀਂ ਠੱਗਾਂ ਵੱਲੋਂ ਸੁੰਦਰ ਲੜਕੀਆਂ ਦਾ ਮੁਕਾਬਲਾ ਕਰਵਾ ਕੇ ਜੇਤੂ ਨੂੰ ਕੈਨੇਡਾ ਸੈਟਲ ਲੜਕੇ ਨਾਲ ਵਿਆਹ ਕਰਵਾਉਣ ਦਾ ਮੌਕਾ ਦੇਣ ਦੇ ਨਾਂ ’ਤੇ ਸ਼ਿਕਾਰ ਬਣਾਇਆ ਜਾ ਰਿਹਾ ਹੈ।

ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਸਥਾਨਕ ਪੱਧਰ ਤਕ ਹੀ ਸੀਮਤ ਨਹੀਂ ਹੈ। ਕਬੂਤਰਬਾਜ਼ੀ ਦਾ ਇਹ ਧੰਦਾ ਵਿਦੇਸ਼ਾਂ ਤਕ ਫੈਲਿਆ ਹੈ। ਕੁਝ ਲੋਕ ਰੁਜ਼ਗਾਰ ਲਈ ਵਿਦੇਸ਼ ਜਾਣ ਤੋਂ ਪਹਿਲਾਂ ਅਤੇ ਕੁਝ ਵਿਦੇਸ਼ ਪਹੁੰਚਣ ਤੋਂ ਬਾਅਦ ਠੱਗੇ ਜਾ ਰਹੇ ਹਨ। ਕਥਿਤ ਕੰਪਨੀਆਂ ਖੋਲ੍ਹ ਕੇ ਜੋ ਲੋਕ ਜਿਸ ਕੰਮ ਦਾ ਵੀਜ਼ਾ ਦਿਵਾਉਂਦੇ ਹਨ, ਵਿਦੇਸ਼ ਜਾ ਕੇ ਉਹ ਕੰਮ ਨਹੀਂ ਮਿਲਦਾ। ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬੇ ਦੇ ਹਰ ਜ਼ਿਲ੍ਹੇ ’ਚ 30 ਤੋਂ ਵੱਧ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਦੀਆਂ ਸ਼ਿਕਾਇਤਾਂ ਦਰਜ ਪਈਆਂ ਹਨ। ਹਰ ਮਹੀਨੇ ਜ਼ਿਲਿਆਂ ’ਚੋਂ 5-7 ਸ਼ਿਕਾਇਤਾਂ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਕਰਨ ਵਾਲਿਆਂ ਦੀਆਂ ਪਹੁੰਚ ਰਹੀਆਂ ਹਨ। ਆਈਜੀ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਨੌਜਵਾਨ ਏਜੰਟਾਂ ਦੀ ਚੁੰਗਲ ’ਚ ਨਾ ਫਸਣ, ਇਸ ਸਬੰਧੀ ਸਮੇਂ-ਸਮੇਂ ’ਤੇ ਜ਼ਿਲਾ ਪੱਧਰ ’ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।