ਅੱਜ ਚੱਕਾ ਜਾਮ : ਜਲੰਧਰ ਸਣੇ ਪੰਜਾਬ ਦੇ ਇਹ ਨੈਸ਼ਨਲ ਹਾਈਵੇ ਰਹਿਣਗੇ ਬੰਦ, ਪੜ੍ਹੋ ਕੀ ਹੈ ਕਾਰਨ

0
499

ਚੰਡੀਗੜ੍ਹ| ਛੁੱਟੀ ਵਾਲੇ ਦਿਨ ਅਕਸਰ ਲੋਕ ਘੁੰਮਣ-ਫਿਰਨ ਦਾ ਪਲਾਨ ਬਣਾਉਂਦੇ ਹਨ। ਜੇ ਤੁਹਾਡਾ ਵੀ ਕੁਝ ਅਜਿਹਾ ਹੀ ਪਲਾਨ ਹੈ ਤਾਂ ਨੈਸ਼ਨਲ ਹਾਈਵੇ ਵੱਲੋਂ ਨਾ ਜਾਈਓ ਕਿਉਂਕਿ ਉਥੇ ਤੁਹਾਨੂੰ ਜਾਮ ਮਿਲੇਗਾ। ਦਰਅਸਲ ਪੰਜਾਬ ਵਿੱਚ ਟਰਾਂਸਪੋਰਟਰ ਜੁਗਾੜੂ ਗੱਡੀਆਂ ਚਲਾਉਣ ਵਾਲਿਆਂ ਖ਼ਿਲਾਫ਼ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਨੈਸ਼ਨਲ ਹਾਈਵੇਅ ਜਾਮ ਕਰਨਗੇ।

ਖੰਨਾ ਵਿੱਚ ਟਰਾਂਸਪੋਰਟਰਾਂ ਨੂੰ ਮਨਾਉਣ ਦੀ ਕੋਸ਼ਿਸ਼ ਨਾਕਾਮ ਰਹੀ। ਦੇਰ ਸ਼ਾਮ ਥਾਣਾ ਸਿਟੀ 1 ਦੇ ਪੁਲਿਸ ਅਧਿਕਾਰੀਆਂ ਨੇ ਟਰਾਂਸਪੋਰਟਰਾਂ ਦਾ ਧਰਨਾ ਕਿਸੇ ਤਰ੍ਹਾਂ ਰੱਦ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਯੂਨੀਅਨ ਅੜੀ ਰਹੀ, ਜਿਸ ਕਾਰਨ ਐਤਵਾਰ ਨੂੰ ਸੂਬੇ ਵਿੱਚ ਚੱਕਾ ਜਾਮ ਹੋਵੇਗਾ।

ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਯੂਨਾਈਟਿਡ ਟਰੇਡ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਸੂਬੇ ਭਰ ਦੇ ਟਰਾਂਸਪੋਰਟਰ ਚਿੰਤਤ ਹਨ। ਉਹ ਲੱਖਾਂ ਰੁਪਏ ਖਰਚ ਕੇ ਵਾਹਨ ਖਰੀਦਦੇ ਹਨ। ਹਰ ਸਾਲ 55 ਤੋਂ 60 ਹਜ਼ਾਰ ਰੁਪਏ ਟੈਕਸ ਵਜੋਂ ਅਦਾ ਕੀਤੇ ਜਾਂਦੇ ਹਨ। ਹੈਵੀ ਲਾਇਸੰਸ ਬਣਾਉਂਦੇ ਹਨ। ਸਰਕਾਰੀ ਖਜ਼ਾਨੇ ਨੂੰ ਭਰਦੇ ਹਨ। ਦੂਜੇ ਪਾਸੇ ਜੁਗਾੜੂ ਰੇਹੜੇ ਵਾਲੇ ਆਪਣੀ ਜੁਗਾੜ ਗੱਡੀ ਤਿਆਰ ਕਰਕੇ ਘੱਟ ਕਿਰਾਏ ‘ਤੇ ਮਾਲ ਢੋੋਂਹਦੇ ਹਨ।

ਟਰਾਂਸਪੋਰਟਰਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਇਸ ਕਾਰਨ ਨੈਸ਼ਨਲ ਹਾਈਵੇਜ਼ ਨੂੰ ਜਾਮ ਕੀਤਾ ਜਾਵੇਗਾ। ਖੰਨਾ ਵਿੱਚ ਗਰੀਨਲੈਂਡ ਹੋਟਲ ਨੇੜੇ ਧਰਨਾ ਦਿੱਤਾ ਜਾਵੇਗਾ। ਲੁਧਿਆਣਾ, ਜਲੰਧਰ, ਮੋਗਾ, ਫਤਿਹਗੜ੍ਹ ਸਾਹਿਬ, ਬਠਿੰਡਾ ਸਮੇਤ ਸਾਰੇ ਜ਼ਿਲ੍ਹਿਆਂ ਵਿੱਚ ਚੱਕਾ ਜਾਮ ਹੋਵੇਗਾ। ਚੇਅਰਮੈਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਕੋਈ ਹੰਗਾਮਾ ਨਾ ਹੋਣ ਦਾ ਭਰੋਸਾ ਦਿੱਤਾ ਗਿਆ। ਉਹ ਸ਼ਾਂਤੀਪੂਰਵਕ ਸੜਕ ਜਾਮ ਕਰਨਗੇ। ਐਂਬੂਲੈਂਸ ਸਮੇਤ ਹੋਰ ਐਮਰਜੈਂਸੀ ਵਾਹਨਾਂ ਨੂੰ ਰਸਤਾ ਦਿੱਤਾ ਜਾਵੇਗਾ।

ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੁਗਾੜੂ ਰੇਹੜੇ ਪੂਰੀ ਤਰ੍ਹਾਂ ਬੰਦ ਕੀਤਾ ਜਾਣ, ਕਿਉਂਕਿ ਇਹ ਗੈਰ-ਕਾਨੂੰਨੀ ਢੰਗ ਨਾਲ ਤਿਆਰ ਕੀਤਾ ਜਾਂਦੇ ਹਨ। ਜ਼ਿਆਦਾਤਰ ਇਹ ਵਾਹਨ ਚੋਰੀ ਹੋਏ ਬਾਈਕ ਨੂੰ ਦੁਬਾਰਾ ਤਿਆਰ ਕਰਕੇ ਬਣਾਏ ਜਾਂਦੇ ਹਨ। ਇੱਕ ਵਾਰ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਸੀ, ਅਗਲੇ ਦਿਨ ਇਹ ਹੁਕਮ ਵਾਪਸ ਲੈ ਲਿਆ ਗਿਆ ਸੀ।

ਡੀਐਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਹੈ ਕਿ ਸਬੰਧਤ ਮੰਤਰੀ ਨਾਲ ਉਨ੍ਹਾਂ ਦੀ ਮੀਟਿੰਗ ਦਾ ਸਮਾਂ ਤੈਅ ਕੀਤਾ ਜਾਵੇਗਾ। ਮੰਗਾਂ ‘ਤੇ ਵੀ ਗੌਰ ਕੀਤਾ ਜਾ ਰਿਹਾ ਹੈ। ਚੱਕਾ ਜਾਮ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ।