ਬਰਨਾਲਾ, 10 ਸਤੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜ਼ਿਲ੍ਹੇ ‘ਚ ਜੇਕਰ ਤੁਸੀਂ ਕੱਪੜੇ ਨਾਲ ਮੂੰਹ ਢੱਕ ਕੇ ਸੜਕਾਂ ‘ਤੇ ਨਿਕਲਦੇ ਹੋ ਤਾਂ ਤੁਹਾਡੇ ਖਿਲਾਫ਼ ਮਾਮਲਾ ਦਰਜ ਹੋ ਸਕਦਾ ਹੈ। ਇਹ ਹੁਕਮ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਜਾਰੀ ਕੀਤੇ ਗਏ ਹਨ। ਬਰਨਾਲਾ ਦੀ ਡੀਸੀ ਨੇ ਆਪਣੇ ਹੁਕਮਾਂ ਵਿਚ ਕਿਹਾ ਹੈ ਕਿ ਜ਼ਿਲ੍ਹੇ ਵਿਚ ਨੌਜਵਾਨ ਆਮ ਤੌਰ ’ਤੇ ਮਾਸਕ ਜਾਂ ਕੱਪੜੇ ਨਾਲ ਮੂੰਹ ਢੱਕ ਕੇ ਸੜਕਾਂ ’ਤੇ ਘੁੰਮਦੇ ਹਨ ਜਾਂ ਵਾਹਨ ਚਲਾਉਂਦੇ ਹਨ। ਅਜਿਹੇ ‘ਚ ਕੁਝ ਬਦਮਾਸ਼ ਮੂੰਹ ਢੱਕ ਕੇ ਅਪਰਾਧ ਕਰਦੇ ਹਨ ਅਤੇ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਨੂੰ ਧਿਆਨ ਵਿਚ ਰੱਖਦਿਆਂ ਇਹ ਹੁਕਮ ਜਾਰੀ ਕੀਤੇ ਗਏ ਹਨ। ਕੋਈ ਵੀ ਵਿਅਕਤੀ ਜੋ ਪੈਦਲ ਚੱਲਦਾ ਹੈ ਜਾਂ ਮੂੰਹ ਢੱਕ ਕੇ ਦੋਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਚਲਾਉਂਦਾ ਹੈ, ਉਸ ਵਿਰੁੱਧ ਧਾਰਾ 144 ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਡੀਸੀ ਨੇ ਕਿਹਾ ਕਿ ਇਹ ਹੁਕਮ ਉਨ੍ਹਾਂ ਲੋਕਾਂ ‘ਤੇ ਲਾਗੂ ਨਹੀਂ ਹੋਣਗੇ ਜੋ ਕਿਸੇ ਬੀਮਾਰੀ ਕਾਰਨ ਮੂੰਹ ਢੱਕ ਕੇ ਚੱਲਦੇ ਹਨ। ਪੁਲਿਸ ਨੂੰ ਇਨ੍ਹਾਂ ਹੁਕਮਾਂ ਨੂੰ ਤੁਰੰਤ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਹਨ।