ਕੋਰੋਨਾ ਨੂੰ ਠੱਲ੍ਹ ਪਾਉਣ ਲਈ ਸੂਬੇ ‘ਚ ਹੋਣਗੇ 20000 ਟੈਸਟ – ਕੈਪਟਨ

0
601

ਚੰਡੀਗੜ੍ਹ . ਕੋਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਵਾਇਰਸ ਨੂੰ ਠੱਲ੍ਹ ਪਾਉਣ ਲਈ ਇਕ ਦਿਨ ਵਿਚ 20000 ਟੈਸਟ ਕਰਨ ਦਾ ਫੈਸਲਾ ਲਿਆ ਹੈ। ਪੰਜਾਬ ਦੀਆਂ ਸਰਹੱਦਾਂ ਨੂੰ ਸੀਲ ਕਰਨ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ- ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਨੇ ਪੰਜਾਬ ਨਾਲ ਲਗਦੇ ਆਪਣੇ ਬਾਰਡਰ ਸੀਲ ਕਰ ਦਿੱਤੇ ਹਨ ਪਰ ਹਰਿਆਣਾ ਤੇ ਦਿੱਲੀ ਤੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਾਜ਼ੇਟਿਵ ਕੇਸਾਂ ਦੀ ਵਧ ਰਹੀ ਗਿਣਤੀ ਨੂੰ ਦੇਖਦਿਆਂ ਸਰਕਾਰ ਸੂਬੇ ਵਿੱਚ ਦਾਖਲ ਹੋਣ ਦੇ ਨੇਮਾਂ ਨੂੰ ਹੋਰ ਸਖਤ ਕਰਨ ‘ਤੇ ਵਿਚਾਰ ਕਰ ਰਹੀ ਹੈ।

ਸੂਬੇ ਵਿੱਚ ਇਕ ਦਿਨ ‘ਚ 117 ਕੇਸ ਵਧਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਸੂਬੇ ਵਿੱਚ ਲੋਕਾਂ ਦੀ ਆਮਦ ‘ਚ ਵੱਡਾ ਵਾਧਾ ਹੋਣ ਦਾ ਕਾਰਨ ਦੱਸਿਆ। ਮਹਿਜ਼ ਇਕ ਮਹੀਨੇ ਵਿੱਚ ਲਗਪਗ 43000 ਲੋਕ ਸੂਬੇ ਵਿੱਚ ਆਏ ਹਨ। ਦੁਬਈ ਤੇ ਹੋਰਨਾਂ ਥਾਵਾਂ ਤੋਂ ਲੋਕਾਂ ਦੇ ਅੰਮ੍ਰਿਤਸਰ ਪਹੁੰਚਣ ਤੋਂ ਇਲਾਵਾ ਰੇਲ ਗੱਡੀਆਂ ਦਾ ਸਫਰ ਵੀ ਇਸ ਇਤਿਹਾਸਕ ਸ਼ਹਿਰ ਵਿੱਚ ਆ ਕੇ ਖਤਮ ਨਾਲ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ। ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਵੱਧ ਕੇਸ ਦੇਖੇ ਗਏ ਹਨ। ਪਠਾਨਕੋਟ, ਪਟਿਆਲਾ ਅਤੇ ਗੁਰਦਾਸਪੁਰ ਵਰਗੇ ਜ਼ਿਲਿਆਂ ਵਿੱਚ ਵੀ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਬੰਦਿਸ਼ਾਂ ਲਾਉਣੀਆਂ ਜ਼ਰੂਰੀ ਹਨ।

ਪਠਾਨਕੋਟ ਤੇ ਗੁਰਦਾਸਪੁਰ ‘ਚ ਵੀ ਸ਼ੁਰੂ ਹੋਣਗੇ ਟੈਸਟ – ਜਲਦ ਹੀ ਪਠਾਨਕੋਟ ਤੇ ਗੁਰਦਾਸਪੁਰ ਵਿਖੇ ਟੈਸਟਾਂ ਦੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ਫਿਲਹਾਲ ਇੱਥੋਂ ਦੇ ਲੋਕਾਂ ਨੂੰ ਅੰਮ੍ਰਿਤਸਰ ਜਾਣਾ ਪੈਂਦਾ ਹੈ।

ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਾਰੀਆਂ ਮੀਟ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਵੇਚਣ ਲੱਗੇ ਸਾਰੇ ਪ੍ਰੋਟੋਕੋਲਾਂ ਦੀ ਪਾਲਣਾ ਕਰ ਰਹੇ ਹਨ।

ਮੁੱਖ ਮੰਤਰੀ ਨੇ ਅੱਗੇ ਸਪੱਸ਼ਟ ਕੀਤਾ ਕਿ ਸੂਬੇ ਵਿੱਚ ਫਿਲਮਾਂ ਦੀ ਸ਼ੂਟਿੰਗ ਕਰਨ ਦੀ ਇਜਾਜ਼ਤ ਹੈ ਜਿਸ ਸਬੰਧੀ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

ਇਕ ਲਿਖਤੀ ਬੇਨਤੀ ਪੜ੍ਹਨ ਤੋਂ ਬਾਅਦ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਉਸ ਬਜ਼ੁਰਗ ਔਰਤ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਜੋ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ 11 ਸਾਲਾਂ ਦੇ ਪੋਤੇ ਨਾਲ ਕਿਰਾਏ ਦੀ ਘਰ ਵਿੱਚ ਰਹਿ ਰਹੀ ਹੈ। ਔਰਤ ਦਾ ਅਗਲੇ ਸਾਲ ਤੱਕ ਸਾਰੇ ਕਿਰਾਏ ਦਾ ਭੁਗਤਾਨ ਕੀਤਾ ਜਾਵੇ ਅਤੇ ਟੀ.ਬੀ. ਦੇ ਇਲਾਜ ਦਾ ਪੂਰਾ ਖਰਚਾ ਉਠਾਇਆ ਜਾਵੇ।

ਲੌਕਡਾਊਨ ਵਿੱਚ ਟ੍ਰੈਫਿਕ ਦੀ ਉਲੰਘਣਾ ਬਾਰੇ ਮੁੱਖ ਮੰਤਰੀ ਨੇ ਦੱਸਿਆ ਕਿ 81000 ਵਿੱਚੋਂ 41000 ਪੰਜਾਬ ਪੁਲਿਸ ਬਲ ਕੋਵਿਡ ਦੀ ਡਿਊਟੀ ਉਤੇ ਤਾਇਨਾਤ ਹੈ ਅਤੇ ਕਿਸੇ ਨੂੰ ਵੀ ਸੜਕ ਉਤੇ ਨਿਯਮ ਤੋੜਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਚਿਤਾਵਨੀ ਦਿੱਤੀ ਕਿ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਵੇਗਾ ਅਤੇ ਕਾਨੂੰਨ ਤਹਿਤ ਕਾਰਵਾਈ ਹੋਵੇਗੀ।