ਵਿਆਹ ‘ਚ DJ ‘ਤੇ ਗੀਤ ਬਦਲਣ ਨੂੰ ਲੈ ਕੇ ਹੋਇਆ ਵਿਵਾਦ, ਨੌਜਵਾਨ ‘ਤੇ 20 ਵਿਅਕਤੀਆਂ ਕੀਤਾ ਕਾਤਲਾਨਾ ਹਮਲਾ, ਹਾਲਤ ਗੰਭੀਰ

0
1033

ਮੋਗਾ | ਵਿਆਹ ਸਮਾਗਮ ‘ਚ ਡੀਜੇ ‘ਤੇ ਗੀਤ ਚਲਾਉਣ ਨੂੰ ਲੈ ਕੇ ਝਗੜਾ ਹੋ ਗਿਆ। ਪਿੰਡ ਲੋਹਗੜ੍ਹ ਦੇ ਰਹਿਣ ਵਾਲੇ ਹਰਜੋਤ ਸਿੰਘ ਜੋਧਾ ਨੇ ਦੱਸਿਆ ਕਿ ਉਹ ਕਬੱਡੀ ਖੇਡਦਾ ਹੈ। ਉਸ ਦੇ ਦੋਸਤ ਹੈਪੀ ਦਾ ਮੰਗਲਵਾਰ ਨੂੰ ਪਿੰਡ ‘ਚ ਵਿਆਹ ਸੀ। ਉਹ ਆਪਣੇ ਕੁਝ ਦੋਸਤਾਂ ਨਾਲ ਹੈਪੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਪਿੰਡ ਚੜਿੱਕ ਦੇ ਇਕ ਮੈਰਿਜ ਪੈਲੇਸ ਵਿਚ ਗਿਆ ਸੀ। ਉਥੇ ਉਸ ਦੇ ਦੋਸਤਾਂ ਨੇ ਡੀਜੇ ‘ਤੇ ਇਕ ਗੀਤ ਲਵਾਇਆ ਸੀ।

ਲਾੜੇ ਦੇ ਦੋਸਤਾਂ ਨੇ ਉਨ੍ਹਾਂ ਦੇ ਗੀਤ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਕ ਨੌਜਵਾਨ ਨੇ ਉਸ ਦੇ ਦੋਸਤ ਨੂੰ ਥੱਪੜ ਮਾਰ ਦਿੱਤਾ। ਉਹ ਬਚਾਅ ਕਰਨ ਲਈ ਅੱਗੇ ਵਧਿਆ ਤਾਂ ਦੋਵਾਂ ਧਿਰਾਂ ਵਿਚਾਲੇ ਹੱਥੋਪਾਈ ਹੋ ਗਈ। ਇਸ ਤੋਂ ਬਾਅਦ ਕੁਝ ਨੌਜਵਾਨ ਉਸ ਨੂੰ ਘਰ ਛੱਡਣ ਲਈ ਪਿੰਡ ਲੋਹਗੜ੍ਹ ਆਏ। ਜਿਵੇਂ ਹੀ ਉਹ ਪਿੰਡ ਵਿਚ ਦਾਖਲ ਹੋਇਆ ਤਾਂ ਹਥਿਆਰਾਂ ਨਾਲ ਲੈਸ 20 ਤੋਂ 25 ਨੌਜਵਾਨਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਨੌਜਵਾਨਾਂ ਨੇ ਉਸ ਨੂੰ ਘੇਰ ਕੇ ਘਰ ਦੇ ਨੇੜੇ ਹੀ ਹਮਲਾ ਕਰ ਦਿੱਤਾ।

ਜਦੋਂ ਉਸ ਨੇ ਰੌਲਾ ਪਾਇਆ ਤਾਂ ਉਸ ਦਾ ਪਿਤਾ ਬਲਵੰਤ ਸਿੰਘ, ਦਾਦਾ ਰਾਜ ਸਿੰਘ ਅਤੇ ਕਮਲਜੀਤ ਕੌਰ ਉਸ ਨੂੰ ਬਚਾਉਣ ਲਈ ਪਹੁੰਚ ਗਏ ਪਰ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਨੂੰ ਵੀ ਜ਼ਖ਼ਮੀ ਕਰ ਦਿੱਤਾ। ਮਾਰਨ ਦੀ ਨੀਅਤ ਨਾਲ ਹਮਲਾਵਰਾਂ ਨੇ ਹਵਾਈ ਫਾਇਰ ਵੀ ਕੀਤੇ।