ਅੰਦਰ ਡੈੱਡ ਬਾਡੀ ਪਈ ਹੈ.. ਮੈਂ ਖੁਦ ਹੱਥ ਲਾ ਕੇ ਦੇਖਿਆ… ਪੜ੍ਹੋ ਲੁਧਿਆਣਾ ਕੋਰਟ ‘ਚ ਹੋਏ ਬਲਾਸਟ ਦੇ ਚਸ਼ਮਦੀਦ ਵਕੀਲ ਨੇ ਕੀ-ਕੀ ਦੱਸਿਆ

0
1461

ਲੁਧਿਆਣਾ | ਪੰਜਾਬ ‘ਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਇਕ ਹੋਰ ਚਿੰਤਾਜਨਕ ਘਟਨਾ ਵਾਪਰ ਗਈ ਹੈ। ਅੱਜ (ਵੀਰਵਾਰ) ਲੁਧਿਆਣਾ ਦੀ ਜ਼ਿਲਾ ਅਦਾਲਤ ‘ਚ ਧਮਾਕਾ ਹੋਇਆ। ਸ਼ੁਰੂਆਤੀ ਜਾਣਕਾਰੀ ਮੁਤਾਬਕ 2 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਜ਼ਖਮੀ ਹੋਏ ਹਨ।

”ਇਹ ਘਟਨਾ ਦੁਪਹਿਰ ਕਰੀਬ 12:15 ਵਜੇ ਦੀ ਹੈ। ਲੁਧਿਆਣਾ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ ‘ਤੇ ਬਣੇ ਪਬਲਿਕ ਟਾਇਲਟ ‘ਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਮੁੱਢਲੀ ਜਾਂਚ ਵਿੱਚ ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਬੰਬ ਨਿਰੋਧਕ ਟੀਮ ਪਹੁੰਚ ਗਈ ਹੈ ਤੇ ਐੱਨਐੱਸਜੀ ਟੀਮ ਦਿੱਲੀ ਤੋਂ ਰਵਾਨਾ ਹੋ ਗਈ ਹੈ।”

-ਗੁਰਪ੍ਰੀਤ ਸਿੰਘ ਭੁੱਲਰ, ਪੁਲਿਸ ਕਮਿਸ਼ਨਰ ਲੁਧਿਆਣਾ

‘ਅੰਦਰ ਡੈੱਡ ਬਾਡੀ ਪਈ ਹੈ, ਮੈਂ ਹੱਥ ਲਾ ਕੇ ਦੇਖਿਆ’

ਮੌਕੇ ’ਤੇ ਮੌਜੂਦ ਵਕੀਲਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਦਾਲਤ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕੀਤੇ।

ਇਕ ਵਕੀਲ ਨੇ ਕਿਹਾ, “ਅੰਦਰ ਇਕ ਡੈੱਡ ਬਾਡੀ ਪਈ ਹੈ… ਉਥੇ ਬਲਾਸਟ ਹੋਇਆ ਹੈ… ਅਦਾਲਤ ‘ਚ ਕੋਈ ਸਿਸਟਮ ਨਹੀਂ ਹੈ… ਇੱਥੇ ਕੋਈ ਰੋਕ ਨਹੀਂ, ਕੋਈ ਪਾਬੰਦੀ ਨਹੀਂ, ਹਰ ਕੋਈ ਆਪਣੀ ਮਰਜ਼ੀ ਨਾਲ ਅੰਦਰ ਆ ਜਾਂਦਾ ਹੈ।”

ਇਕ ਟੀ.ਵੀ. ਚੈਨਲ ਨਾਲ ਗੱਲਬਾਤ ਦੌਰਾਨ ਘਬਰਾਏ ਹੋਏ ਵਕੀਲ ਨੇ ਕਿਹਾ, ”ਬੰਦਾ ਮਰ ਗਿਆ ਹੈ, ਮੈਂ ਖੁਦ ਦੇਖ ਕੇ ਆਇਆ ਹਾਂ… ਲਾਸ਼ ਨੂੰ ਮੈਂ ਹੱਥ ਲਾ ਕੇ ਆਇਆ ਹਾਂ।”

ਕੋਰਟ ਚੱਲ ਰਹੀ ਸੀ, ਧਮਾਕਾ ਹੋ ਗਿਆ

ਮੁੱਢਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਦੁਪਹਿਰ ਕਰੀਬ 12.15 ਵਜੇ ਦੂਜੀ ਮੰਜ਼ਿਲ ‘ਤੇ ਸਥਿਤ ਟਾਇਲਟ ‘ਚ ਹੋਇਆ। ਉਸ ਸਮੇਂ ਜ਼ਿਲ੍ਹਾ ਅਦਾਲਤ ਦੀ ਕਾਰਵਾਈ ਚੱਲ ਰਹੀ ਸੀ।

ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ।