ਜਲੰਧਰ ‘ਚ ‘ਧੂਮ’ ਮੂਵੀ ਵਾਂਗ ਚੋਰੀ, SUV ਗੱਡੀ ‘ਤੇ ਆਏ ਚੋਰਾਂ ਨੇ 2 ਥਾਣਿਆਂ ਵਿਚਾਲੇ ਪੈਂਦੀਆਂ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

0
815

ਜਲੰਧਰ, 13 ਸਤੰਬਰ| ਥਾਣਾ ਨੰਬਰ ਚਾਰ ਤੇ ਥਾਣਾ ਨੰਬਰ ਤਿੰਨ ਦੇ ਵਿਚਾਲੇ ਪੈਂਦੇ ਸੈਦਾ ਗੇਟ ‘ਚ ਬੁੱਧਵਾਰ ਤੜਕੇ ਸਾਢੇ ਪੰਜ ਵਜੇ ਐਸਯੂਵੀ ਗੱਡੀ ‘ਤੇ ਆਏ 4 ਨੌਜਵਾਨਾਂ ਨੇ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੁਕਾਨਾਂ ਦੇ ਤਾਲੇ ਭੰਨ ਕੇ ਅੰਦਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੂੰ ਇਸਦੀ ਭਿਣਕ ਤੱਕ ਨਹੀਂ ਲੱਗੀ। ਹਿੰਦੀ ਮੂਵੀ ‘ਧੂਮ’ ਵਾਂਗ ਪੁਲਿਸ ਅਜੇ ਤੱਕ ਚੋਰਾਂ ਨੂੰ ਫੜਨ ਵਿਚ ਨਾਕਾਮ ਹੈ। ਫਿਲਹਾਲ ਤਾਂ ਪੁਲਿਸ ਉਸ SUV ਦਾ ਨੰਬਰ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਉਤੇ ਸਵਾਰ ਹੋ ਕੇ ਆਏ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

ਜਾਣਕਾਰੀ ਅਨੁਸਾਰ ਸੈਦਾਂ ਗੇਟ ‘ਚ ਤੜਕੇ ਸਾਢੇ ਪੰਜ ਵਜੇ ਦੇ ਕਰੀਬ ਐਸਯੁਵੀ ‘ਤੇ ਆਏ ਚਾਰ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ, ਨੇ ਸਭ ਤੋਂ ਪਹਿਲਾਂ ਸੰਨੀ ਫੋਰੈਕਸ ਮਨੀ ਐਕਸਚੇਂਜ, ਏਂਜਲ ਫੈਸ਼ਨ ਗੈਲਰੀ, ਆਈ ਸਿਟੀ ਹਾਰਟ ਤੇ ਰੈਮਡ ਸ਼ੋਅਰੁੂਮ ਦੇ ਤਾਲੇ ਭੰਨ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ।

ਚੋਰਾਂ ਨੇ ਦੁਕਾਨਾਂ ‘ਤੇ ਸਿਰਫ ਨਕਦੀ ‘ਤੇ ਹੀ ਹੱਥ ਪਾਇਆ। ਚੋਰ ਜਾਂਦੇ ਹੋਏ ਦੁਕਾਨਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਆਪਣੇ ਨਾਲ ਲੈ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਚਾਰ ਦੇ ਮੁਖੀ ਅਸ਼ੋਕ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਚੋਰਾਂ ਵੱਲੋਂ ਵਾਰਦਾਤ ‘ਚ ਵਰਤੀ ਗਈ ਐਸਯੂਵੀ ਗੱਡੀ ਦਾ ਨੰਬਰ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।