ਲੁਧਿਆਣਾ | ਜੰਮੂ-ਕਸ਼ਮੀਰ ‘ਚ ਪੁਲਿਸ ਨੇ ਨਸ਼ਾ ਤਸਕਰੀ ਦੇ ਮਾਮਲੇ ‘ਚ ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਇਕ ਨੌਜਵਾਨ ਨੂੰ ਉਸ ਦੇ ਸਾਥੀ ਸਮੇਤ ਗ੍ਰਿਫਤਾਰ ਕੀਤਾ ਹੈ। ਤਸਕਰਾਂ ਦਾ ਇੱਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਤਸਕਰਾਂ ਕੋਲੋਂ 190 ਕਿਲੋ ਭੁੱਕੀ ਬਰਾਮਦ ਕੀਤੀ ਹੈ। ਇਹ ਭੁੱਕੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਪਲਾਈ ਕੀਤੀ ਜਾਣੀ ਸੀ। ਇੱਕ ਸੂਹ ਦੇ ਬਾਅਦ ਪੁਲਿਸ ਨੇ ਦੋਸ਼ੀ ਨੂੰ ਮਨਪੋਰਾ ਪੰਪੋਰ ਤੋਂ ਹੀ ਕਾਬੂ ਕਰ ਲਿਆ।
ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਇੱਕ ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਭੱਜ ਗਿਆ। ਐਸ.ਡੀ.ਪੀ.ਓ ਪੰਪੋਰ ਮੀਰ ਇਮਤਿਆਜ਼ ਅਹਿਮਦ ਦੀ ਨਿਗਰਾਨੀ ਹੇਠ ਐਸ.ਐਚ.ਓ ਮੰਜ਼ੂਰ ਅਹਿਮਦ ਦੀ ਅਗਵਾਈ ਹੇਠ ਖਰਿਉ ਥਾਣੇ ਦੀ ਟੀਮ ਨੇ ਪਿੰਡ ਅੰਦਰੋਸਾ ਵਿਖੇ ਨਾਕਾਬੰਦੀ ਦੌਰਾਨ ਪੰਜਾਬ ਵੱਲ ਜਾ ਰਹੇ ਇੱਕ ਟਰੱਕ ਨੂੰ ਰੋਕਿਆ, ਜਿਸ ਵਿਚ ਤਿੰਨ ਵਿਅਕਤੀ ਸਵਾਰ ਸਨ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਨਸ਼ਾ ਤਸਕਰਾਂ ਵੱਲੋਂ ਸੇਬ ਦੇ ਡੱਬਿਆਂ ਵਿੱਚ ਛੁਪਾ ਕੇ ਰੱਖੀ ਭੁੱਕੀ ਬਰਾਮਦ ਹੋਈ। ਚੈਕਿੰਗ ਦੌਰਾਨ ਸੇਬਾਂ ਦੀਆਂ 22 ਪੇਟੀਆਂ ਬਰਾਮਦ ਹੋਈਆਂ। ਤਿੰਨ ਮੁਲਜ਼ਮਾਂ ਵਿੱਚੋਂ ਦੋ ਦੀ ਪਛਾਣ ਬਲਰਾਜ ਸਿੰਘ ਵਾਸੀ ਜਮਾਲਪੁਰ ਅਤੇ ਪਾਹੂ ਵਾਸੀ ਦਾਨਿਸ਼ ਗੱਫਾਰ, ਪੁਲਵਾਮਾ ਵਜੋਂ ਹੋਈ ਹੈ, ਜਦਕਿ ਤੀਜਾ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।
ਨੈੱਟਵਰਕ ਲੁਧਿਆਣਾ ਤੋਂ ਚਲਾਇਆ ਜਾ ਰਿਹਾ ਸੀ
ਪੁਲਿਸ ਅਨੁਸਾਰ ਤੀਜੇ ਤਸਕਰ ਨੂੰ ਕਾਬੂ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਤੋਂ ਹੀ ਮੁਲਜ਼ਮਾਂ ਵੱਲੋਂ ਨਸ਼ਾ ਤਸਕਰੀ ਦਾ ਵੱਡਾ ਨੈੱਟਵਰਕ ਚਲਾਇਆ ਜਾ ਰਿਹਾ ਸੀ। ਮੁਲਜ਼ਮ ਖ਼ਿਲਾਫ਼ ਥਾਣਾ ਖਰੜੂ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।