ਲੁਧਿਆਣਾ, 10 ਦਸੰਬਰ | ਜਗਰਾਓਂ ਦੇ ਪਿੰਡ ਗਾਲਿਬ ਖੁਰਦ ਦੇ 23 ਸਾਲ ਦੇ ਨੌਜਵਾਨ ਦਾ ਮਲੇਸ਼ੀਆ ’ਚ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੂੰ ਵਿਦੇਸ਼ ਸੱਦਣ ਵਾਲੇ ਚਾਚੇ ਜਗਦੇਵ ਸਿੰਘ ਨੇ ਹੀ ਇਕ ਮਲੇਸ਼ੀਅਨ ਸਮੇਤ 10 ਵਿਅਕਤੀਆਂ ਨਾਲ ਮਿਲ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ 10 ਜਣੇ ਪੰਜਾਬੀ ਦੱਸੇ ਜਾ ਰਹੇ ਹਨ। ਹਾਲਾਂਕਿ ਮਾਰਨ ਵਾਲਾ ਉਸ ਦਾ ਸਕਾ ਚਾਚਾ ਨਹੀਂ ਪਰ ਇਕੋ ਪਿੰਡ ਦੇ ਹੋਣ ਕਾਰਨ ਉਸ ਨੂੰ ਮ੍ਰਿਤਕ ਸਮੇਤ ਸਾਰੇ ਭੈਣ-ਭਰਾ ਚਾਚਾ ਕਹਿੰਦੇ ਸਨ।
ਜਗਦੇਵ ਸਿੰਘ ਨੇ ਇਕ ਮਲੇਸ਼ੀਅਨ ਅਤੇ ਹੋਰ ਨੌਜਵਾਨਾਂ ਨਾਲ ਮਿਲ ਕੇ ਜਸਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ। ਇਸ ਕਤਲ ਦਾ ਸਵੇਰੇ ਖੁਲਾਸਾ ਹੋਣ ’ਤੇ ਮਲੇਸ਼ੀਆ ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਜਸਪ੍ਰੀਤ ਦੇ ਕਤਲ ਨੂੰ ਹਾਦਸਾ ਦਿਖਾਉਣ ਵਿਚ ਚਲਾਕੀ ਵਰਤ ਰਹੇ ਜਗਦੇਵ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਜਦਕਿ ਕਤਲ ਵਿਚ ਸ਼ਾਮਲ ਇਕ ਮਲੇਸ਼ੀਅਨ ਅਜੇ ਵੀ ਫ਼ਰਾਰ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦਾ ਪਰਿਵਾਰ ਨੂੰ ਸਿਰਫ 2 ਮਹੀਨੇ ਪਹਿਲਾਂ ਹੀ ਮਲੇਸ਼ੀਆ ਗਏ ਜਸਪ੍ਰੀਤ ਦੇ ਭਰਾ ਲਵਪ੍ਰੀਤ ਸਿੰਘ ਨੇ ਭਾਰਤ ਫੋਨ ਕਰਕੇ ਦੱਸਿਆ, ਜਿਸ ਤੋਂ ਬਾਅਦ ਪਰਿਵਾਰ ਵਿਚ ਸੋਗ ਦੀ ਲਹਿਰ ਹੈ।