ਹਿਮਾਚਲ ਦੇ ਨੌਜਵਾਨ ਨੂੰ ਅਗਵਾ ਕਰਕੇ ਪੰਜਾਬ ਲਿਆਂਦਾ, ਕਾਰ ਸਣੇ ਨਹਿਰ ‘ਚ ਸੁੱਟਿਆ, ਨੌਜਵਾਨ ਦੀ ਮੌਤ, ਦੋਸ਼ੀ ਗ੍ਰਿਫਤਾਰ

0
1271

ਕੀਰਤਪੁਰ ਸਾਹਿਬ| ਕੀਰਤਪੁਰ ਸਾਹਿਬ ਦੇ ਨੇੜਲੇ ਪਿੰਡ ਬੁੰਗਾ ਸਾਹਿਬ ਨੇੜੇ ਭਾਖੜਾ ਨਹਿਰ ਵਿੱਚ ਇੱਕ ਨੌਜਵਾਨ ਨੇ ਇੱਕ ਹੋਰ ਨੌਜਵਾਨ ਨੂੰ ਅਗਵਾ ਕਰਕੇ ਕਾਰ ਸਮੇਤ ਸੁੱਟ ਦਿੱਤਾ। ਇਸ ਤੋਂ ਬਾਅਦ ਦੋਸ਼ੀ ਨੌਜਵਾਨ ਫਰਾਰ ਹੋ ਗਿਆ ਪਰ ਅਗਵਾ ਹੋਏ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਮਾਮਲਾ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਦੇ ਰਾਮਪੁਰ ਪਸਵਾਲਾ ਦਾ ਹੈ।

ਸੁਖਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਦਬੋਟਾ (ਹਿਮਾਚਲ ਪ੍ਰਦੇਸ਼) ਨੇ ਆਪਣੇ ਵਿਚੋਲੇ ਦੋਸਤ ਗੁਰਨਾਮ ਰਾਹੀਂ 17 ਸਾਲਾ ਨੌਜਵਾਨ ਜਤਿਨ ਕੁਮਾਰ ਪੁੱਤਰ ਹੇਮਰਾਜ ਨੂੰ ਆਪਣੀ ਕਾਰ ਵਿਚ ਬਿਠਾ ਲਿਆ। ਇਸ ਤੋਂ ਬਾਅਦ ਕਾਰ ਨੂੰ ਪੰਜਾਬ ਬੁੰਗਾ ਸਾਹਿਬ ਵੱਲ ਲਿਆਂਦਾ ਗਿਆ।

ਜਦੋਂ ਜਤਿਨ ਦੇ ਰਿਸ਼ਤੇਦਾਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦਬੋਟਾ (ਹਿਮਾਚਲ ਪ੍ਰਦੇਸ਼) ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਜਤਿਨ ਦਾ ਫੋਨ ਟਰੇਸ ਕਰਨਾ ਸ਼ੁਰੂ ਕਰ ਦਿੱਤਾ।

ਫੋਨ ਦੀ ਲੋਕੇਸ਼ਨ ਬੁੰਗਾ ਸਾਹਿਬ ਭਾਖੜਾ ਨਹਿਰ ਦੀ ਪਟੜੀ ਨੇੜੇ ਆਈ। ਪੁਲੀਸ ਨੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਉਸ ਨੂੰ ਘੇਰਾ ਪਾ ਲਿਆ, ਜਿਸ ਦੌਰਾਨ ਮੁਲਜ਼ਮ ਸੁਖਪਾਲ ਸਿੰਘ ਨੇ ਆਈ-20 ਕਾਰ ਨੂੰ ਸਟਾਰਟ ਕਰਕੇ ਨਹਿਰ ਵਿੱਚ ਸੁੱਟ ਦਿੱਤਾ, ਜਿਸ ਵਿੱਚ ਜਤਿਨ ਵੀ ਸਵਾਰ ਸੀ।

ਹਾਲਾਂਕਿ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਤਿਨ ਖਿੜਕੀ ‘ਚੋਂ ਬਾਹਰ ਨਿਕਲਿਆ ਸੀ ਪਰ ਦੋਸ਼ੀ ਸੁਖਪਾਲ ਨੇ ਉਸ ਦੀ ਲੱਤ ਫੜ ਲਈ, ਜਿਸ ਤੋਂ ਉਸ ਨੇ ਛੁਡਵਾ ਲਿਆ ਅਤੇ ਬਾਅਦ ‘ਚ ਡੁੱਬ ਗਿਆ ਜਦਕਿ ਸੁਖਪਾਲ ਵਾਲ-ਵਾਲ ਬਚ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਸੁਖਪਾਲ ਨੂੰ ਕੀਰਤਪੁਰ ਸਾਹਿਬ ਪੁਲਿਸ ਦੇ ਹਵਾਲੇ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੂੰ ਹਿਮਾਚਲ ਪ੍ਰਦੇਸ਼ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਇੰਸਪੈਕਟਰ ਕੁਲਦੀਪ ਸ਼ਰਮਾ ਥਾਣਾ ਨਾਲਾਗੜ੍ਹ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲਦੇ ਹੀ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ਨੂੰ ਟਰੇਸ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਸੁਖਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਧਾਰਾ 363 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦਾ ਇਰਾਦਾ ਕੀ ਸੀ, ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।