ਅੰਮ੍ਰਿਤਪਾਲ ਦੇ ਪਿੰਡ ਦੇ ਨੌਜਵਾਨਾਂ ਨੇ ਲੁੱਟਿਆ ਗਹਿਣਿਆਂ ਦਾ ਸ਼ੋਅਰੂਮ, ਇਕ ਲੁਟੇਰੇ ਨੂੰ ਲੋਕਾਂ ਨੇ ਫੜਿਆ

0
344

ਅੰਮ੍ਰਿਤਸਰ| ਵਾਰਿਸ ਪੰਜਾਬ ਦੇ ਜਥੇਦਾਰ ਅੰਮ੍ਰਿਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜਾ ਦੇ ਲੁਟੇਰਿਆਂ ਨੇ ਅੰਮ੍ਰਿਤਸਰ ਦੇ ਰਈਆ ਕਸਬੇ ਵਿੱਚ ਗਹਿਣਿਆਂ ਦੀ ਦੁਕਾਨ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਇਸ ਮਾਮਲੇ ‘ਚ 4 ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਿਨ੍ਹਾਂ ਵਿੱਚੋਂ ਤਿੰਨ ਨੌਜਵਾਨ ਇਸੇ ਪਿੰਡ ਦੇ ਵਸਨੀਕ ਹਨ ਅਤੇ ਇੱਕ ਨੌਜਵਾਨ ਪਿੰਡ ਭਿੰਡਰ ਦਾ ਰਹਿਣ ਵਾਲਾ ਹੈ। ਕਾਬੂ ਕੀਤੇ ਲੁਟੇਰੇ ਸ਼ੇਰਾ ਕੋਲੋਂ ਪੁਲਿਸ ਨੇ ਇੱਕ ਪਿਸਤੌਲ, ਇੱਕ ਮੋਟਰਸਾਈਕਲ ਅਤੇ ਐਕਟਿਵਾ ਬਰਾਮਦ ਕੀਤੀ ਹੈ।

ਫੇਰੂਮਾਨ ਰੋਡ ‘ਤੇ ਦੀਪਕ ਜਿਊਲਰੀ ਸ਼ਾਪ ਦੇ ਮਾਲਕ ਅਮਿਤ ਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਆਪਣੀ ਦੁਕਾਨ ’ਤੇ ਬੈਠਾ ਸੀ। ਉਸੇ ਸਮੇਂ ਤਿੰਨ ਨੌਜਵਾਨ ਦੁਕਾਨ ਦੇ ਅੰਦਰ ਆਏ ਅਤੇ ਇੱਕ ਬਾਹਰ ਹੀ ਰਿਹਾ। ਦੋ ਦੇ ਹੱਥ ਵਿੱਚ ਪਿਸਤੌਲ ਅਤੇ ਇੱਕ ਦੇ ਹੱਥ ਵਿੱਚ ਤੇਜ਼ਧਾਰ ਹਥਿਆਰ ਸੀ। ਉਸ ਨੇ ਆਉਂਦਿਆਂ ਹੀ ਪਿਸਤੌਲ ਕੱਢਿਆ ਅਤੇ ਕਿਹਾ ਜੋ ਵੀ ਹੈ, ਕੱਢ ਦਿਓ। ਉਸੇ ਸਮੇਂ ਉਸ ਨੂੰ ਪਿੱਛੇ ਵੱਲ ਖਿੱਚਿਆ।

ਸੁਨਿਆਰੇ ਅਮਿਤ ਨੇ ਦੱਸਿਆ ਕਿ ਜਦੋਂ ਲੁਟੇਰੇ ਦੁਕਾਨ ਨੂੰ ਲੁੱਟ ਰਹੇ ਸਨ ਤਾਂ ਉਸ ਨੇ ਹਿੰਮਤ ਕਰਕੇ ਆਪਣਾ ਲਾਇਸੈਂਸੀ ਰਿਵਾਲਵਰ ਕੱਢ ਲਿਆ। ਉਸ ਨੇ ਲੁਟੇਰਿਆਂ ਵੱਲ ਗੋਲੀ ਚਲਾ ਦਿੱਤੀ। ਜਿਸ ਤੋਂ ਬਾਅਦ ਲੁਟੇਰੇ ਦੁਕਾਨ ਤੋਂ ਫਰਾਰ ਹੋ ਗਏ। ਉਸ ਨੇ ਅਤੇ ਬਾਹਰ ਖੜ੍ਹੇ ਲੋਕਾਂ ਨੇ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦੂਰੀ ‘ਤੇ ਇੱਕ ਲੁਟੇਰੇ ਨੂੰ ਮੋਟਰਸਾਈਕਲ ਸਮੇਤ ਫੜ ਲਿਆ।

ਸੂਚਨਾ ਮਿਲਦੇ ਹੀ ਥਾਣਾ ਰਈਆ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਐਸਐਚਓ ਹਰਦੇਵ ਸਿੰਘ ਨੇ ਦੱਸਿਆ ਕਿ ਸੁਨਿਆਰੇ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜੱਲੂਪੁਰ ਖੇੜਾ ਦਾ ਸ਼ੇਰ ਫੜਿਆ ਗਿਆ ਹੈ। ਉਸ ਨੇ ਕਰਨ, ਵਾਸੀ ਭਿੰਡਰ, ਰਣਜੀਤ ਸਿੰਘ ਅਤੇ ਗੁਰਮੀਤ ਸਿੰਘ ਵਾਸੀ ਜੱਲੂਪੁਰ ਖੇੜਾ ਦੇ ਨਾਂ ਲਏ। ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।