ਜਰਮਨੀ ਜਾਣ ਲਈ ਨੌਜਵਾਨ ਨੇ ਕਰਵਾਇਆ ਸੀ ਮੇਮ ਨਾਲ ਵਿਆਹ, ਨਾ ਮੇਮ ਨੇ ਬਾਹਰ ਬੁਲਾਇਆ, ਨਾ ਆਪ ਆਈ, ਨਾ ਪੈਸੇ ਮੋੜੇ

0
1800

ਗੁਰਦਾਸਪੁਰ (ਜਸਵਿੰਦਰ ਬੇਦੀ) | ਵਿਦੇਸ਼ ਜਾ ਕੇ ਪੈਸੇ ਕਮਾਉਣ ਦੇ ਲਾਲਚ ‘ਚ ਪੰਜਾਬੀ ਨੌਜਵਾਨਾਂ ਨਾਲ ਹੋਈਆਂ ਠੱਗੀਆਂ‌ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ।

ਤਾਜ਼ਾ ਮਾਮਲਾ ਗੁਰਦਾਸਪੁਰ ਸ਼ਹਿਰ ਦਾ ਹੈ, ਜਿਸ ਵਿਚ ਵਿਕਰਾਂਤ ਨਾਂ ਦੇ ਇਕ ਨੌਜਵਾਨ ਨੇ ਆਪਣੇ ਜਰਮਨੀ ਰਹਿੰਦੇ ਰਿਸ਼ਤੇਦਾਰਾਂ ਦੀਆਂ ਗੱਲਾਂ ਵਿੱਚ ਆ ਕੇ ਜਰਮਨੀ ਜਾਣ ਲਈ ਇਕ ਮੇਮ ਨਾਲ ਕੰਟਰੈਕਟ ਮੈਰਿਜ ਕਰਵਾ ਲਈ ਅਤੇ ਲੱਖਾਂ ਰੁਪਏ ਵੀ ਖਰਚ ਕਰ ਦਿੱਤੇ ਪਰ ਹੁਣ ਆਪਣੇ ਪੈਸੇ ਵਾਪਸ ਪਾਉਣ ਲਈ NRI ਅਤੇ ਪੁਲਿਸ ਥਾਣਿਆਂ ਵਿੱਚ ਧੱਕੇ ਖਾ ਰਿਹਾ ਹੈ, ਜਦ ਕਿ ਨੌਜਵਾਨ ਅਨੁਸਾਰ ਮੇਮ ਨਾਲ ਤਲਾਕ ਕਰਵਾਉਣ ਲਈ ਵੀ ਉਸ ਤੋਂ ਪੈਸੇ ਮੰਗੇ ਜਾ ਰਹੇ ਹਨ।

ਵਿਕਰਾਂਤ ਨੇ ਦੱਸਿਆ ਕਿ ਉਸ ਦੇ ਕੁਝ ਰਿਸ਼ਤੇਦਾਰ ਜੋ ਜਰਮਨੀ ਵਿੱਚ ਰਹਿੰਦੇ ਹਨ, ਨੇ ਉਸ ਦੇ ਭਰਾ ਜੋ ਕਿ ਇਰਾਕ ਵਿਚ ਕੰਮ ਕਰਦਾ ਸੀ, ਨੂੰ ਕਿਹਾ ਕਿ ਉਸ ਦੇ ਛੋਟੇ ਭਰਾ ਵਿਕਰਾਂਤ ਨੂੰ ਅਸੀਂ ਜਰਮਨੀ ਸੈਟਲ ਕਰਵਾ ਦਿੰਦੇ ਹਾਂ। ਇਸ ਦੇ ਲਈ ਉਸ ਨੂੰ ਇੱਕ ਮੇਮ ਨਾਲ ਕੰਟਰੈਕਟ ‌ਮੈਰਿਜ ਕਰਵਾਉਣੀ ਹੋਵੇਗੀ, ਜੋ ਉਨ੍ਹਾਂ ਦੇ ਰਿਸ਼ਤੇਦਾਰਾਂ ਵਿੱਚੋਂ ਹੀ ਇੱਕ ਕੁੜੀ ਦੀ ਸਹੇਲੀ ਸੀ।

ਬਦਲੇ ਵਿੱਚ 22 ਲੱਖ ਰੁਪਏ ਮੰਗੇ ਗਏ, ਜਿਨ੍ਹਾਂ ‘ਚੋਂ ਅੱਧੇ 11 ਲੱਖ ‌ਵਿਕਰਾਂਤ ਨੂੰ ਜਰਮਨੀ ਪਹੁੰਚ ਕੇ ਦੇਣੇ ਪੈਣਗੇ, ਜਦਕਿ ਬਾਕੀ ਦੇ ਪੈਸੇ ਉਸ ਨੂੰ ਹੌਲੀ-ਹੌਲੀ ਕਰਕੇ ਤਿੰਨ ਸਾਲਾਂ ਵਿਚ ਮੇਮ ਨੂੰ ਆਪ ਜਰਮਨੀ ਵਿਚ ਕਮਾ ਕੇ ਦੇਣੇ ਹਨ ਅਤੇ ਤਿੰਨ ਸਾਲਾਂ ਵਿਚ ਉਹ ਦੋਵੇਂ ਆਪਸੀ ਸਹਿਮਤੀ ਨਾਲ ਤਲਾਕ ਲੈ ਲੈਣਗੇ।

ਵਿਕਰਾਂਤ ਅਨੁਸਾਰ ‌ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਸ ਕੋਲੋਂ ਲਗਭਗ 12 ਲੱਖ ਰੁਪਏ ਜਰਮਨੀ ਪਹੁੰਚਣ ਤੋਂ ਪਹਿਲਾਂ ਹੀ ਲੈ ਲਏ, ਜਦ ਕਿ ਮੇਮ ਜੋ ਤਿੰਨ ਵਾਰ ਭਾਰਤ ਆਈ ਅਤੇ ਉਸ ਦੀ ਟਿਕਟ ਅਤੇ ਰਹਿਣ ਦਾ ਸਾਰਾ ਖਰਚਾ ਵੀ ਵਿਕਰਾਂਤ ਨੇ ਹੀ ਕੀਤਾ।

ਵਿਕਰਾਂਤ ਨੇ ਕਿਹਾ ਕਿ ਇਸ ਤਰ੍ਹਾਂ ਉਸ ਨੇ ਲਗਭਗ 18 ਲੱਖ ਰੁਪਏ ਖਰਚ ਕਰ ਦਿੱਤੇ, ਜੋ ਕਿ ਉਸ ਦੇ ਭਰਾ ਅਤੇ ਪਿਤਾ ਨੇ ਬੜੇ ਯਤਨਾਂ ਨਾਲ ਜੋੜੇ ਸਨ। ਵਿਕਰਾਂਤ ਨੇ ਵਿਆਹ ਦਾ ਸਰਟੀਫਿਕੇਟ ਅਤੇ ਫੋਟੋਆਂ ਦਿਖਾਉਂਦੇ ਹੋਏ ਦੱਸਿਆ ਕਿ ਮੇਮ ਨੇ ਭਾਰਤ ਆ ਕੇ ਉਸ ਨਾਲ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਮੇਮ ਨੂੰ ਤਿੰਨ ਵਾਰ ਅੰਬੈਸੀ ਵੱਲੋਂ ਭਾਰਤ ਬੁਲਾਇਆ ਗਿਆ ਪਰ ਦੋ ਵਾਰ ਉਹ‌ ਬਹਾਨੇ ਬਣਾ ਕੇ ਨਹੀਂ ਆਈ। ਤੀਸਰੀ ਵਾਰ ਉਹ‌ ਆਈ ਪਰ ਉਨ੍ਹਾਂ ਦੀ ਮੈਰਿਜ ਨੂੰ ਸ਼ੱਕੀ ਕਰਾਰ ਦੇ ਕੇ ਵਿਕਰਾਂਤ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ।

ਮੇਮ ਵਾਪਸ ਚਲੀ ਗਈ ਅਤੇ ਵਿਕਰਾਂਤ ਭਾਰਤ ਹੀ ਰਹਿ ਗਿਆ। ਇਸ ਤੋਂ ਬਾਅਦ ਜਦ ਉਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਮੇਮ ਪਾਸੋਂ ਪੈਸੇ ਮੰਗਣੇ ਸ਼ੁਰੂ ਕੀਤੇ ਤਾਂ ਮੇਮ ਨੇ ਉਸ ਦਾ ਮੋਬਾਇਲ ਨੰਬਰ ਅਤੇ ਸੋਸ਼ਲ ਮੀਡੀਆ ‘ਤੇ ਉਸ ਦੇ ਅਕਾਊਂਟ ਹਰ ਪਾਸੋਂ ਬਲਾਕ ਕਰ ਦਿੱਤੇ।

ਵਿਕਰਾਂਤ ਅਨੁਸਾਰ ਆਪਣੇ ਨਾਲ ਹੋਈ ਇਸ ਠੱਗੀ ਦੀ ਸ਼ਿਕਾਇਤ ਉਸ ਨੇ ਵੀ NRI ਥਾਣੇ ਅਤੇ SSP ਗੁਰਦਾਸਪੁਰ ਨੂੰ ਕੀਤੀ ਹੈ। ਕਹਾਣੀ ਦਾ ਦੂਸਰਾ ਪਹਿਲੂ ਕੀ ਹੈ ਇਹ ਤਾਂ ਇਨਕੁਆਰੀ ਤੋਂ ਬਾਅਦ ਵੀ ਸਾਹਮਣੇ ਆ ਸਕਦਾ ਹੈ ਕਿਉਂਕਿ ਜਿਨ੍ਹਾਂ ਰਿਸ਼ਤੇਦਾਰਾਂ ਉੱਪਰ ਵਿਕਰਾਂਤ ਦੋਸ਼ ਲਗਾ ਰਿਹਾ ਹੈ ਉਹ ਸਾਰੇ ਜਰਮਨੀ ਵਿੱਚ ਰਹਿੰਦੇ ਹਨ ਪਰ ਇਹ ਗੱਲ ਤਾਂ ਸਾਫ ਹੈ ਕਿ ਪੰਜਾਬੀ ਨੌਜਵਾਨਾਂ ਦਾ ਵਿਦੇਸ਼ ਜਾ ਕੇ ਪੈਸੇ ਕਮਾਉਣ ਦਾ ਮੋਹ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਵਿਚ ਵੀ ਪਾ ਰਿਹਾ ਹੈ।