ਗੁਰਦਾਸਪੁਰ, 7 ਅਕਤੂਬਰ | ਪਿੰਡ ਫਤਿਹਗੜ੍ਹ ਚੂੜੀਆਂ ਵਿਚ ਇੱਕ ਵਿਅਕਤੀ ਨੇ ਆਪਣੀ ਨੂੰਹ ਦੇ ਨਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਅਤੇ ਗੁਆਂਢੀਆਂ ਤੋਂ ਤੰਗ ਆ ਕੇ ਆਪਣੇ ਖੇਤਾਂ ਵਿਚ ਜਾ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਨ੍ਹਾਂ ਨਾਜਾਇਜ਼ ਸਬੰਧਾਂ ਸਬੰਧੀ ਮ੍ਰਿਤਕ ਮਨਜੀਤ ਸਿੰਘ ਦੇ ਭਤੀਜੇ ਅਤੇ ਭਰਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਆਪਣੇ ਭਤੀਜੇ ਦੀ ਨੂੰਹ ਕੋਮਲਪ੍ਰੀਤ ਕੌਰ ਦੇ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਮਨਜੀਤ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ, ਜਿਸ ‘ਤੇ ਪੁਲਿਸ ਨੇ ਮ੍ਰਿਤਕ ਦੀ ਨੂੰਹ ਕੋਮਲਪ੍ਰੀਤ ਕੌਰ, ਉਸ ਦੇ ਪ੍ਰੇਮੀ ਗਗਨ ਅਤੇ ਉਸ ਦੀਆਂ ਗੁਆਂਢੀਆਂ ਰਜਨੀ ਅਤੇ ਮਨਦੀਪ ਕੌਰ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਤੀਜੇ ਗੁਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ 26 ਸਤੰਬਰ ਨੂੰ ਦੋਹਾ, ਕਤਰ ਤੋਂ ਪਤਨੀ ਨੂੰ ਸਪਰਾਈਜ਼ ਕਰਨ ਲਈ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਕੋਮਲਪ੍ਰੀਤ ਕੌਰ ਆਪਣੇ ਪ੍ਰੇਮੀ ਨਾਲ ਫੋਨ ‘ਤੇ ਗੱਲ ਕਰ ਰਹੀ ਸੀ, ਜਿਸ ‘ਤੇ ਉਸ ਨੇ ਪਤਨੀ ਨੂੰ ਝਿੜਕਿਆ। ਫਿਰ ਉਸ ਦੀ ਪਤਨੀ ਨੇ ਆਪਣੇ ਪ੍ਰੇਮੀ ਨੂੰ ਸਾਰੀ ਗੱਲ ਦੱਸੀ ਅਤੇ ਇਸ ਸਬੰਧੀ ਪ੍ਰੇਮੀ ਨੇ ਫੋਨ ‘ਤੇ ਮੈਸੇਜ ਭੇਜ ਕੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸੇ ਸ਼ਾਮ ਪਤਨੀ ਘਰੋਂ ਚਲੀ ਗਈ। ਇਸ ਸਬੰਧੀ ਲਿਖਤੀ ਸੂਚਨਾ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਦਿੱਤੀ ਗਈ।
ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦੇ ਚਾਚਾ ਮਨਜੀਤ ਸਿੰਘ ਨੇ ਉਸ ਨੂੰ ਗੋਦ ਲਿਆ ਸੀ ਅਤੇ ਉਹ ਉਸ ਦੇ ਪਿਤਾ ਵਰਗਾ ਸੀ। ਆਂਢ-ਗੁਆਂਢ ਦੀਆਂ ਔਰਤਾਂ ਮੇਰੇ ਚਾਚੇ ਨੂੰ ਉਸ ਦੀ ਪਤਨੀ ਕਾਰਨ ਤੰਗ ਕਰਦੀਆਂ ਸਨ। ਇਸ ਤੋਂ ਦੁਖੀ ਹੋ ਕੇ ਮਨਜੀਤ ਸਿੰਘ ਖੇਤਾਂ ਵਿਚ ਗਿਆ ਅਤੇ ਉਥੇ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜਦੋਂ ਥਾਣਾ ਫਤਿਹਗੜ੍ਹ ਚੂੜੀਆਂ ਦੇ ਇੰਚਾਰਜ ਕਿਰਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੋਹਾ ਕਤਰ ਤੋਂ ਆਏ ਨੌਜਵਾਨ ਗੁਰਮੀਤ ਸਿੰਘ ਦੇ ਬਿਆਨਾਂ ‘ਤੇ ਉਸ ਦੀ ਪਤਨੀ ਕੋਮਲਪ੍ਰੀਤ ਕੌਰ ਦੇ ਪ੍ਰੇਮੀ ਗਗਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਗੁਆਂਢੀ ਔਰਤ ਰਜਨੀ ਤੇ ਮਨਦੀਪ ਕੌਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)