ਚੰਡੀਗੜ੍ਹ | ਮੌਸਮ ਵਿਭਾਗ ਮੁਤਾਬਕ 30 ਜਨਵਰੀ ਨੂੰ ਪੰਜਾਬ ਅਤੇ ਉੱਤਰੀ ਭਾਰਤ ਦੇ ਕਈ ਸੂਬਿਆਂ ਵਿਚ ਮੌਸਮ ਫਿਰ ਤੋਂ ਬਦਲੇਗਾ। ਐਤਵਾਰ ਤੋਂ ਹੀ ਉਤਰੀ ਭਾਰਤ ਦੇ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਦੇ ਕਾਰਨ ਮੈਦਾਨੀ ਇਲਾਕਿਆਂ ਵਿਚ ਬਰਫ਼ੀਲੀਆਂ ਹਵਾਵਾਂ ਚਲਣ ਨਾਲ ਠੰਡ ਕਾਫ਼ੀ ਵਧੀ ਹੈ।
ਮੌਸਮ ਵਿਗਿਆਨੀਆਂ ਅਨੁਸਾਰ ਅਗਲੇ 48 ਘੰਟੇ ਮੀਂਹ ਪੈਣ ਦੇ ਆਸਾਰ ਹਨ। ਇਸ ਦੇ ਬਾਵਜੂਦ ਘੱਟ ਤੋਂ ਘੱਟ ਤਾਪਮਾਨ ਵਿਚ 4 ਤੋਂ 6 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਅਗਲੇ 24 ਘੰਟੇ ਤਾਪਮਾਨ ਵਿਚ ਕੋਈ ਬਦਲਾਅ ਨਹੀਂ ਹੋਵੇਗਾ।
ਇਸ ਉਪਰੰਤ ਮੁੜ ਠੰਢ ਵਧ ਸਕਦੀ ਹੈ ਕਿਉਂਕਿ ਘੱਟੋ-ਘੱਟ ਤਾਪਮਾਨ ਵਿਚ 2 ਤੋਂ 4 ਡਿਗਰੀ ਸੈਲਸੀਅਸ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਦਿੱਲੀ ’ਚ ਲੋਕਾਂ ਨੂੰ ਠੰਢ ਦਾ ਸਾਹਮਣਾ ਕਰਨਾ ਪਵੇਗਾ।
ਪੰਜਾਬ ਵਿਚ ਸਰਦੀ ਦਾ ਅਸਰ ਅਜੇ ਵੀ ਬਰਕਰਾਰ ਹੈ। ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ ਪੰਜਾਬ ਦਾ ਮੁਕਤਸਰ ਸ਼ਹਿਰ ਸੂਬੇ ਦਾ ਸਭ ਤੋਂ ਠੰਡਾ ਰਿਹਾ। ਸੋਮਵਾਰ ਨੂੰ ਵੀ ਪੰਜਾਬ ਅਤੇ ਹਰਿਆਣਾ ‘ਚ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਤਾਪਮਾਨ ‘ਚ ਗਿਰਾਵਟ ਆਵੇਗੀ। ਹਾਲਾਂਕਿ 31 ਜਨਵਰੀ ਤੋਂ ਧੁੱਪ ਨਿਕਲਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸ਼ਰਮਾ ਨੇ ਦੱਸਿਆ ਕਿ 31 ਜਨਵਰੀ ਤੋਂ ਮੌਸਮ ਖੁੱਲ੍ਹਣ ਦੀ ਸੰਭਾਵਨਾ ਹੈ |
ਭਵਿੱਖਬਾਣੀ ਮੁਤਾਬਕ 30 ਜਨਵਰੀ ਨੂੰ ਕਈ ਥਾਵਾਂ ‘ਤੇ ਮੀਂਹ ਪਵੇਗਾ ਅਤੇ ਧੁੰਦ ਵੀ ਛਾਈ ਰਹੇਗੀ। 31 ਜਨਵਰੀ ਤੋਂ 2 ਫਰਵਰੀ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਵਿਚ ਘੱਟੋ-ਘੱਟ ਤਾਪਮਾਨ 6.2 ਡਿਗਰੀ ਸੈਲਸੀਅਸ, ਬਠਿੰਡਾ 1.6, ਚੰਡੀਗੜ੍ਹ 8.6, ਫਿਰੋਜ਼ਪੁਰ 2.5, ਜਲੰਧਰ 3.6, ਲੁਧਿਆਣਾ 3.6, ਪਠਾਨਕੋਟ 8.9 ਅਤੇ ਪਟਿਆਲਾ ਵਿਚ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।