ਲੁਧਿਆਣਾ | ਮਈ ਤੋਂ ਬਾਅਦ ਜੂਨ ’ਚ ਵੀ ਪੱਛਮੀ ਗੜਬੜੀ ਦਾ ਪੰਜਾਬ ’ਚ ਆਉਣਾ-ਜਾਣਾ ਲੱਗਿਆ ਹੋਇਆ ਹੈ, ਜਿਸ ਕਾਰਨ ਇਸ ਵਾਰ ਜ਼ਿਆਦਾ ਗਰਮੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਹਾਲਾਂਕਿ ਪਿਛਲੇ 3 ਦਿਨਾਂ ਤੋਂ ਜਿਥੇ ਸੂਬੇ ’ਚ ਮੌਸਮ ਸਾਫ਼ ਹੋਣ ਕਰਕੇ ਗਰਮੀ ਤੇ ਤਪਸ਼ ਵਧਣ ਨਾਲ ਲੋਕਾਂ ਦੀ ਬੇਚੈਨੀ ਥੋੜ੍ਹੀ ਵਧੀ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਹੁਣ ਫਿਰ ਤੋਂ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ।
ਦੂਜੇ ਪਾਸੇ ਸ਼ੁੱਕਰਵਾਰ ਨੂੰ ਮੌਸਮ ਸਾਫ਼ ਹੋਣ ’ਤੇ ਕਈ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ ਚਲਾ ਗਿਆ। ਲੁਧਿਆਣਾ ’ਚ ਦਿਨ ਦਾ ਤਾਪਮਾਨ 42.6 ਡਿਗਰੀ ਸੈਲਸੀਅਸ ਰਿਹਾ ਜਦਕਿ ਸ੍ਰੀ ਮੁਕਤਸਰ ਸਾਹਿਬ ’ਚ 41.8, ਫ਼ਤਿਹਗੜ੍ਹ ਸਾਹਿਬ ’ਚ 41.6, ਪਟਿਆਲਾ ’ਚ 41.5, ਫ਼ਿਰੋਜ਼ਪੁਰ ’ਚ 41 ਤੇ ਅੰਮ੍ਰਿਤਸਰ ’ਚ 40.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਕੇਂਦਰ ਚੰਡੀਗੜ੍ਹ ਦੇ ਅਨੁਮਾਨ ਮੁਤਾਬਕ 10 ਜੂਨ ਦੀ ਅੱਧੀ ਰਾਤ ਤੋਂ ਤਾਜ਼ਾ ਪੱਛਮੀ ਗੜਬੜੀ ਸਰਗਰਮ ਹੋ ਜਾਵੇਗੀ। ਇਸ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਕਈ ਜ਼ਿਲ੍ਹਿਆਂ ’ਚ ਗਰਜ ਨਾਲ ਛਿੱਟੇ ਪੈਣ ਅਤੇ ਬੂੰਦਾਂਬਾਦੀ ਦੀ ਸੰਭਾਵਨਾ ਹੈ। ਦਿਨ ਦੇ ਤਾਪਮਾਨ ’ਚ 2 ਤੋਂ 3 ਡਿਗਰੀ ਸੈਲਸੀਅਸ ਦੀ ਕਮੀ ਆ ਸਕਦੀ ਹੈ। ਜੂੁਨ ’ਚ ਇਹ ਦੂਜੀ ਵਾਰ ਹੈ ਜਦੋਂ ਪੰਜਾਬ ’ਚ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਸੂਬੇ ’ਚ ਮੀਂਹ ਪੈਂਦਾ ਹੈ ਤਾਂ ਗਰਮੀ ਤੋਂ ਵੀ ਰਾਹਤ ਮਿਲੇਗੀ।