ਸਿੱਧੂ ਨੂੰ ਮਾਰਨ ਲਈ ਪਹਿਲਾਂ ਵੀ ਮੂਸਾ ਪਿੰਡ ਆਏ ਸਨ ਸ਼ੂਟਰ, ਸਕਿਓਰਿਟੀ ਦੇਖ ਕੇ ਬਦਲ ਲਿਆ ਸੀ ਫੈਸਲਾ

0
500

ਮਾਨਸਾ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਕਈ ਕੜੀਆਂ ਜੁੜ ਰਹੀਆਂ ਹਨ। ਸਿੱਧੂ ਕਤਲ ਮਾਮਲੇ ਵਿਚ ਗ੍ਰਿਫਤਾਰ ਹੋਏ ਸ਼ਾਹਰੁਖ ਨੇ ਕਈ ਖੁਲਾਸੇ ਕੀਤੇ ਹਨ। ਦਿੱਲੀ ਪੁਲਸ ਦੀ ਹਿਰਾਸਤ ਵਿਚ ਸ਼ਾਹਰੁਖ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਮਰਡਰ ਦੀ ਸਾਰੀ ਪਲੈਨਿੰਗ ਤਿਹਾੜ ਜੇਲ ਵਿਚ ਰਚੀ ਗਈ ਸੀ।

ਸ਼ਾਹਰੁਖ ਨੇ ਦੱਸਿਆ ਕਿ ਸਿੱਧੂ ਨੂੰ ਮਾਰਨ ਲਈ ਪਿਛਲੇ 9 ਮਹੀਨਿਆ ਤੋਂ ਰੇਕੀ ਕੀਤੀ ਜਾ ਰਹੀ ਸੀ। ਸ਼ਾਹਰੁਖ ਮਿੱਡੂਖੇੜਾ ਦੀ ਮੌਤ ਤੋਂ ਬਾਅਦ ਅਗਸਤ 2021 ਵਿਚ ਆਪਣੇ ਸ਼ਾਰਪ ਸ਼ੂਟਰਾਂ ਨਾਲ ਮੂਸੇਵਾਲਾ ਪਿੰਡ ਗਿਆ ਸੀ। ਜਿਥੇ ਉਹ ਸਿੱਧੂ ਦੇ ਬਾਡੀਗਾਰਡਾਂ ਕੋਲ ਏਕੇ 47 ਦੇਖ ਕੇ ਵਾਪਸ ਆ ਗਿਆ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਰਹਿਣ ਵਾਲੇ ਸ਼ਾਹਰੁਖ ਨੂੰ ਲਾਰੈਂਸ ਬਿਸ਼ਨੋਈ ਨੇ ਹੀ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸੁਪਾਰੀ ਦਿੱਤੀ ਸੀ।

ਪੁਲਸ ਗ੍ਰਿਫਤ ਵਿਚ ਆਏ ਸ਼ਾਹਰੁਖ ਨੇ ਪੁਲਸ ਨੂੰ ਦੱਸਿਆ ਕਿ ਉਹ ਪਹਿਲਾਂ ਵੀ ਸਿੱਧੂ ਨੂੰ ਮਾਰਨ ਲਈ ਆਪਣੇ ਸਾਥੀਆਂ ਨਾਲ ਮੂਸੇ ਪਿੰਡ ਗਿਆ ਸੀ ਪਰ ਉਸ ਸਮੇਂ ਸਿੱਧੂ ਮੂਸੇਵਾਲਾ ਨਾਲ ਏਕੇ 47 ਰਾਈਫਲਾਂ ਵਾਲਿਆਂ ਦੀ ਸਕਿਓਰਿਟੀ ਦੇਖ ਕੇ ਉਸਦਾ ਹੌਸਲਾ ਨਹੀਂ ਪਿਆ ਸੀ।

ਸ਼ਾਹਰੁਖ ਤੇ ਉਸਦੇ ਸਾਥੀ ਪਿਛਲੇ 9ਮਹੀਨਿਆਂ ਤੋਂ ਸਿੱਧੂ ਨੂੰ ਮਾਰਨ ਦੀ ਫਿਰਾਕ ਵਿਚ ਸਨ, ਪਰ ਇਸ ਵਿਚਾਲੇ ਸ਼ਾਹਰੁਖ ਪੁਲਸ ਦੇ ਹੱਥੇ ਚੜ੍ਹ ਗਿਆ।

ਸ਼ਾਹਰੁਖ ਦੇ ਖੁਲਾਸਿਆਂ ਤੋਂ ਇਕ ਗੱਲ ਤਾਂ ਸਾਫ ਹੈ ਕਿ ਜਦੋਂ ਤੱਕ ਸਿੱਧੂ ਕੋਲ ਮਜਬੂਤ ਸਕਿਓਰਿਟੀ ਸੀ, ਉਦੋਂ ਤਕ ਉਸਦੀ ਜਾਨ ਨੂੰ ਕੋਈ ਖਤਰਾ ਨਹੀਂ ਸੀ। ਪਰ ਜਿਉਂ ਹੀ ਸੋਸ਼ਲ ਮੀਡੀਆ ਉਤੇ ਇਹ ਗੱਲ ਵਾਇਰਲ ਹੋਈ ਕਿ ਹੋਰ ਵੀਆਈਪੀ ਲੋਕਾਂ ਦੀ ਸਕਿਓਰਿਟੀ ਦੇ ਨਾਲ-ਨਾਲ ਸਿੱਧੂ ਦੀ ਸਕਿਓਰਿਟੀ ਵਿਚ ਵੀ ਕਟੌਤੀ ਕਰ ਦਿੱਤੀ ਗਈ ਹੈ ਤਾਂ ਵਿਰੋਧੀਆਂ ਦੇ ਹੌਸਲੇ ਬੁਲੰਦ ਹੋ ਗਏ।

ਸੂਤਰਾਂ ਤੋਂ ਤਾਂ ਇਹ ਜਾਣਕਾਰੀ ਵੀ ਮਿਲੀ ਹੈ ਕਿ ਜਦੋਂ ਸ਼ਾਹਰੁਖ ਨੂੰ ਇਹ ਪਤਾ ਲੱਗਾ ਕੇ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ਬੁਲਟ ਪਰੂਫ ਹੈ ਤਾਂ ਉਸਨੇ ਗੋਲਡੀ ਬਰਾੜ ਨੂੰ ਕਹਿ ਕੇ ਅਸਾਲਟ ਰਾਈਫਲਾਂ ਦੀ ਵੀ ਮੰਗ ਕੀਤੀ ਸੀ, ਜਿਸ ਨਾਲ ਕੇ ਸਿੱਧੂ ਦੀ ਬੁਲਟ ਪਰੂਫ ਗੱਡੀ ਨੂੰ ਭੇਦਿਆ ਜਾ ਸਕੇ।

ਦੂਜੇ ਪਾਸੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੀ 424 ਲੋਕਾਂ ਦੀ ਸੁਰੱਖਿਆ ਵਾਪਸ ਲੈਣ ਦੇ ਮੁੱਦੇ ਉਤੇ ਪੰਜਾਬ ਸਰਕਾਰ ਤੋਂ ਜਵਾਬ ਤਲਬੀ ਕੀਤੀ ਹੈ।

ਇਥੇ ਜਿਕਰਯੋਗ ਇਹ ਵੀ ਹੈ ਕਿ ਪੰਜਾਬ ਸਰਕਾਰ ਨੂੰ ਪਤਾ ਹੋਣ ਦੇ ਬਾਵਜੂਦ ਕੇ ਸਿੱਧੂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ, ਉਸਦੀ ਸਕਿਓਰਿਟੀ ਉਤੇ ਮੁੜ ਵਿਚਾਰ ਨਹੀਂ ਕੀਤਾ ਗਿਆ। ਜਿਸ ਨਾਲ ਪੰਜਾਬ ਸਰਕਾਰ ਵਿਵਾਦਾਂ ’ਚ ਘਿਰ ਗਈ ਹੈ।