ਚੰਡੀਗੜ੍ਹ, 4 ਫਰਵਰੀ| ਦੁਬਈ ਦੀ ਅਦਾਲਤ ਨੇ ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਦੀ ਹੱਤਿਆ ਦੇ ਮਾਮਲੇ ‘ਚ 6 ਪਾਕਿਸਤਾਨੀਆਂ ਨੂੰ ਬਰੀ ਕਰ ਦਿੱਤਾ ਹੈ। ਕਤਲ ਦੇ ਦੋਸ਼ੀ ਸਾਰੇ ਪਾਕਿਸਤਾਨੀਆਂ ਨੇ ਅਦਾਲਤ ‘ਚ ਬਲੱਡ ਮਨੀ ਜਮ੍ਹਾ ਕਰਵਾਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸ ਮਾਮਲੇ ‘ਚੋਂ ਬਰੀ ਕਰ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦੁਬਈ ਦੇ ਪ੍ਰਸਿੱਧ ਸਿੱਖ ਵਪਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਡਾ.ਐਸ.ਪੀ ਸਿੰਘ ਓਬਰਾਏ ਨੇ ਦਿੱਤੀ।
ਡਾ.ਐਸ.ਪੀ. ਸਿੰਘ ਓਬਰਾਏ ਨੇ ਦੱਸਿਆ- 22 ਮਈ 2019 ਨੂੰ ਕੁਲਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਬਸਤੀ ਬਾਵਾ ਖੇਲ (ਜਲੰਧਰ) ਦਾ ਸ਼ਾਰਜਾਹ (ਦੁਬਈ) ਵਿਖੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਵਿੱਚ ਅਲੀ ਹੁਸੈਨ, ਮੁਹੰਮਦ ਸ਼ਾਕਿਰ, ਆਫਤਾਬ ਗੁਲਾਮ, ਮੁਹੰਮਦ ਕਾਮਰਾਨ, ਮੁਹੰਮਦ ਓਮੀਰ ਵਾਹਿਦ, ਸਈਅਦ ਹਸਨ ਸ਼ਾਹ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਉਨ੍ਹਾਂ ਦੱਸਿਆ ਕਿ ਉਕਤ ਪਾਕਿਸਤਾਨੀ ਨੌਜਵਾਨ ਦੇ ਪਰਿਵਾਰਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਅਤੇ ਮਿ੍ਤਕ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਬੇਨਤੀ ਕੀਤੀ ਸੀ ਕਿ ਉਹ ਖਾੜੀ ਦੇਸ਼ਾਂ ਦੇ ਕਾਨੂੰਨ ਅਨੁਸਾਰ ਬਲੱਡ ਮਨੀ ਲੈ ਕੇ ਸਾਡੇ ਬੱਚਿਆਂ ਦੀ ਜਾਨ ਬਖਸ਼ ਦੇਣ | ਉਸ ਨੇ ਕੁਲਦੀਪ ਦੇ ਪਰਿਵਾਰ ਦਾ ਪਤਾ ਲਗਾਇਆ। ਜਦੋਂ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਕੁਲਦੀਪ ਦੀ ਪਤਨੀ ਕਿਰਨਦੀਪ ਕੌਰ ਆਪਣੇ ਸਹੁਰੇ ਪਰਿਵਾਰ ਨੂੰ ਛੱਡ ਕੇ ਆਪਣੇ ਲੜਕੇ ਸਮੇਤ ਆਪਣੇ ਪੇਕੇ ਪਿੰਡ ਚਲੀ ਗਈ ਸੀ।
ਹੁਣ ਉਨ੍ਹਾਂ ਵਿਚਕਾਰ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪਰਿਵਾਰਾਂ ਨੂੰ ਮਨਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਇੱਕ ਮਨ ਹੋਣ ਦੇ ਬਾਵਜੂਦ ਆਪਸੀ ਮੱਤਭੇਦ ਹੋਣ ਕਾਰਨ ਉਹ ਇਸ ਸਬੰਧੀ ਕੋਈ ਫੈਸਲਾ ਨਹੀਂ ਲੈ ਸਕੇ। ਓਬਰਾਏ ਨੇ ਕਿਹਾ -ਮਾਰੇ ਗਏ ਵਿਅਕਤੀ ਦਾ ਪਰਿਵਾਰ ਸਹਿਮਤ ਨਹੀਂ ਹੋਇਆ, ਪਰ ਜੇਕਰ ਅਦਾਲਤ ਵਿੱਚ ਪੈਸੇ ਜਮ੍ਹਾ ਕਰਵਾਏ ਜਾਂਦੇ ਹਨ, ਤਾਂ ਦੋਸ਼ੀ ਪਾਏ ਗਏ ਵਿਅਕਤੀਆਂ ਦੀ ਸਜ਼ਾ ਮੁਆਫ ਹੋ ਜਾਂਦੀ ਹੈ। ਅਜਿਹੇ ਮਾਮਲਿਆਂ ‘ਚ ਪੀੜਤ ਪਰਿਵਾਰ ਜਦੋਂ ਚਾਹੁਣ ਅਦਾਲਤ ‘ਚ ਜਮ੍ਹਾ ਕਰਵਾਈ ਗਈ ਰਕਮ ਲੈ ਸਕਦਾ ਹੈ।
ਇਸ ਕੇਸ ਵਿੱਚ ਵੀ ਉਕਤ ਛੇ ਪਾਕਿਸਤਾਨੀ ਨੌਜਵਾਨਾਂ ਨੂੰ ਬਚਾਉਣ ਲਈ ਉਸ ਨੇ ਆਪਣੇ ਵਕੀਲਾਂ ਰਾਹੀਂ ਕੇਸ ਲੜਿਆ ਅਤੇ ਅਦਾਲਤ ਵਿੱਚ 2 ਲੱਖ 10 ਹਜ਼ਾਰ ਦਰਾਮ ਜਮ੍ਹਾਂ ਕਰਵਾਏ। ਇਹ ਰਕਮ ਭਾਰਤੀ ਰੁਪਏ ਵਿੱਚ ਲਗਭਗ 48 ਲੱਖ ਰੁਪਏ ਬਣਦੀ ਹੈ।
ਜਿਸ ਤੋਂ ਬਾਅਦ ਅਦਾਲਤ ਨੇ ਸਾਰੇ 6 ਪਾਕਿਸਤਾਨੀ ਨੌਜਵਾਨਾਂ ਦੀ ਸਜ਼ਾ ਮੁਆਫ ਕਰ ਦਿਤੀ ਹੈ। ਰਿਹਾਈ ਪੱਤਰ ਜੇਲ੍ਹ ਭੇਜ ਦਿੱਤੇ ਗਏ ਹਨ, ਜਲਦੀ ਹੀ ਰਿਹਾਅ ਕਰ ਦਿੱਤਾ ਜਾਵੇਗਾ। ਓਬਰਾਏ ਨੇ ਕਿਹਾ- ਜੇਕਰ ਪੀੜਤ ਨੌਜਵਾਨ ਦਾ ਪਰਿਵਾਰ ਪੈਸੇ ਲੈਣ ਲਈ ਰਾਜ਼ੀ ਹੋ ਜਾਂਦਾ ਹੈ ਤਾਂ ਉਹ ਉਨ੍ਹਾਂ ਦੀ ਹਰ ਸੰਭਵ ਮਦਦ ਕਰਨਗੇ। ਸ਼ਰੀਅਤ ਕਾਨੂੰਨ ਅਨੁਸਾਰ ਅਦਾਲਤ ਵਿੱਚ ਜਮ੍ਹਾਂ ਕਰਵਾਈ ਰਕਮ ਮ੍ਰਿਤਕ ਕੁਲਦੀਪ ਦੇ ਪਿਤਾ ਰਾਜਿੰਦਰ ਸਿੰਘ, ਮਾਤਾ ਜਸਵਿੰਦਰ ਕੌਰ, ਪਤਨੀ ਕਿਰਨਦੀਪ ਕੌਰ, ਪੁੱਤਰ ਪ੍ਰਭਦੀਪ ਸਿੰਘ ਵਿਚ ਬਰਾਬਰ ਵੰਡੀ ਜਾਵੇਗੀ।